- ਡਾ. ਫਾਰੂਕ ਅਬਦੁੱਲਾ ਨੇ ਰਾਜ ਤੇ ਕੇਂਦਰ ਸਰਕਾਰ 'ਤੇ ਕੀਤਾ ਹਮਲਾ
ਸਟੇਟ ਬਿਊਰੋ, ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਸਲਾਹ ਦਿੰਦੇ ਹੋਏ ਦੋਸ਼ ਲਾਇਆ ਕਿ ਇਕ ਵਾਰ ਫਿਰ ਸੂਬੇ ਦੀ ਬਚੀ-ਖੁਚੀ ਅੰਦਰੂਨੀ ਖੁਦਮੁਖਤਾਰੀ ਨੂੰ ਖ਼ਤਮ ਕਰਨ ਲਈ ਨਵੀਂ ਦਿੱਲੀ ਵਿਚ ਵਰਿ੍ਹਆਂ ਤੋਂ ਬੈਠੀ ਲਾਬੀ ਮੁੜ ਸਰਗਰਮ ਹੋ ਚੁੱਕੀ ਹੈ। ਫਾਰੂਕ ਨੇ ਕਿਹਾ, 'ਮੈਂ ਖੁਦ ਗਵਾਹ ਹਾਂ, ਮੈਂ ਖੁਦ ਦੇਖਿਆ ਹੈ ਕਿ ਦਿੱਲੀ ਵਿਚ ਜੰਮੂ-ਕਸ਼ਮੀਰ ਦੀ ਖੁਦਮੁਖਤਾਰੀ ਨੂੰ ਖਤਮ ਕਰਨ ਲਈ ਇਕ ਲਾਬੀ ਬਹੁਤ ਦੇਰ ਤੋਂ ਸਰਗਰਮ ਰਹੀ ਹੈ। ਇਹੀ ਲਾਬੀ ਸਾਡੇ ਵਿਸ਼ੇਸ਼ ਦਰਜੇ ਅਤੇ ਧਾਰਾ 370 ਨੂੰ ਖਤਮ ਕਰਨ ਲਈ ਜੰਮੂ-ਕਸ਼ਮੀਰ ਵਿਚ ਆਪਣੀਆਂ ਕਠਪੁਤਲੀ ਸਰਕਾਰਾਂ ਨੂੰ ਸੱਤਾਧਾਰੀ ਬਣਾਉਣ ਦਾ ਕੰਮ ਕਰਦੀਆਂ ਹਨ।'
ਫਾਰੂਕ ਪਾਰਟੀ ਮੁੱਖ ਦਫਤਰ ਵਿਚ ਨੈਕਾਂ ਲੀਗਲ ਸੈੱਲ ਦੇ ਇਕ ਦਿਨਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਵੀਂਂ ਦਿੱਲੀ 'ਤੇ ਕਸ਼ਮੀਰੀਆਂ ਨਾਲ ਵਿਸ਼ਵਾਸਘਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਹਿਬੂਬਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰਿਆਸਤ ਦੇ ਹਿੱਤਾਂ ਖ਼ਿਲਾਫ਼ ਸਰਗਰਮ ਤਾਕਤਾਂ ਨਾਲ ਗੱਠਜੋੜ ਦੇ ਸਿੱਟੇ ਰਾਜ ਤੇ ਪੀਡੀਪੀ ਲਈ ਘਾਤਕ ਹੋਣਗੇ। ਡਾ. ਫਾਰੂਕ ਨੇ ਕਿਹਾ ਕਿ ਨਵੀਂ ਦਿੱਲੀ ਨੇ 1935 ਵਿਚ ਸ਼ੇਰੇ ਕਸ਼ਮੀਰ ਸ਼ੇਖ ਮੁਹੰਮਦ ਅਬਦੁੱਲਾ ਨੂੰ ਜੇਲ੍ਹ ਵਿਚ ਬੰਦ ਕਰਕੇ ਕਸ਼ਮੀਰੀਆਂ ਨਾਲ ਵਿਸ਼ਵਾਸਘਾਤ ਕਰਕੇ ਜੋ ਪ੍ਰੰਪਰਾ ਸ਼ੁਰੂ ਕੀਤੀ ਸੀ, ਉਹ ਅੱਜ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ 1953-1975 ਦੌਰਾਨ ਜੋ ਜੰਮੂ ਕਸ਼ਮੀਰ ਵਿਚ ਹੋਇਆ ਹੈ, ਉਹ ਹਾਲੇ ਵੀ ਹੋ ਰਿਹਾ ਹੈ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਅਤੇ ਧਾਰਾ 370 ਨੂੰ ਖਤਮ ਕਰਨ ਦੀ ਸਾਜ਼ਿਸ਼ 'ਤੇ ਤੇਜ਼ੀ ਨਾਲ ਅਮਲ ਹੋ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਸਾਡੇ ਕਾਨੂੰਨ ਮਾਹਰਾਂ ਅਤੇ ਵਕੀਲਾਂ ਨੂੰ ਸਾਵਧਾਨ ਕਰਦੇ ਹੋਏ ਇਸ ਸਾਜ਼ਿਸ਼ ਨੂੰ ਨਾਕਾਮ ਬਣਾਉਣਾ ਹੈ।