ਜੇਐੱਨਐੱਨ, ਨਵੀਂ ਦਿੱਲੀ : ਹਾਕਸ ਕਾਲਰਾਂ ਨੇ ਦਿੱਲੀ ਪੁਲਸ ਤੇ ਸੁਰੱਖਿਆ ਏਜੰਸੀਆਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ। ਸੋਮਵਾਰ ਸ਼ਾਮ ਵੀ ਪੁਲਸ ਕੰਟਰੋਲ ਰੂਮ ਵਿਚ ਫੋਨ ਕਰਕੇ ਇਕ ਸ਼ਖਸ ਨੇ ਰਾਸ਼ਟਰਪਤੀ ਭਵਨ ਨੂੰ ਉਡਾਉਣ ਦੀ ਧਮਕੀ ਦਿੱਤੀ। ਧਮਕੀ ਮਿਲਦੇ ਹੀ ਪੁਲਸ ਤੇ ਸੁਰੱਖਿਆ ਏਜੰਸੀਆਂ ਦੇ ਹੱਥ-ਪੈਰ ਫੁੱਲ ਗਏ। ਤੁਰੰਤ ਰਾਸ਼ਟਰਪਤੀ ਭਵਨ ਵਿਚ ਨਵੀਂ ਦਿੱਲੀ ਦੇ ਸਾਰੇ ਥਾਣਿਆਂ ਦੇ ਪੁਲਸ ਇੰਸਪੈਕਟਰ, ਬੰਬ ਨਿਰੋਧਕ ਦਸਤਾ, ਡਾਗ ਸਕਵਾਇਡ, ਫਾਇਰ ਬਿ੍ਰਗੇਡ, ਐਂਬੂਲੈਂਸ ਤੇ ਆਈਬੀ ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਪਹੁੰਚ ਗਈਆਂ। ਰਾਸ਼ਟਰਪਤੀ ਭਵਨ 'ਚ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ। ਜਦੋਂ ਕੋਈ ਬੰਬ ਨਾ ਮਿਲਿਆ ਤਾਂ ਦੇਰ ਸ਼ਾਮ 8 ਵਜੇ ਕਾਲ ਨੂੰ ਹਾਕਸ ਕਰਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਪੁਲਸ ਤੇ ਸੁਰੱਖਿਆ ਏਜੰਸੀਆਂ ਨੇ ਰਾਹਤ ਦਾ ਸਾਹ ਲਿਆ। ਡੀਸੀਪੀ ਨਵੀਂ ਦਿੱਲੀ ਜ਼ਿਲ੍ਹਾ ਜਤਿਨ ਨਾਰਵਾਲ ਮੁਤਾਬਕ ਕਾਲਰ ਬਾਰੇ ਪਤਾ ਲਗਾ ਲਿਆ ਗਿਆ ਹੈ। ਉਹ ਦਿੱਲੀ ਦਾ ਹੀ ਹੈ। ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗ ਜਾਵੇਗਾ ਕਿ ਉਸ ਨੇ ਰਾਸ਼ਟਰਪਤੀ ਭਵਨ ਨੂੰ ਉਡਾਉਣ ਲਈ ਕਾਲ ਕਿਉਂ ਕੀਤੀ ਸੀ।
↧