ਜਲੰਧਰ (ਜੇਐੱਨਐੱਨ) : ਸਕੂਲ ਬੰਕ ਕਰਕੇ ਨਿਕਲੇ ਬੱਚੇ ਜਦੋਂ ਪੁਲਸ ਸਾਹਮਣੇ ਪੁੱਜੇ ਤਾਂ ਉਨ੍ਹਾਂ ਖ਼ੁਦ ਦੇ ਅਗਵਾ ਦੀ ਕਹਾਣੀ ਸੁਣਾ ਦਿੱਤੀ। ਹੈਰਾਨ ਹੋਈ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪੋਲ ਖੁੱਲ੍ਹ ਗਈ, ਜਿਸ ਤੋਂ ਬਾਅਦ ਪੁਲਸ ਨੇ ਬੱਚਿਆਂ ਨੂੰ ਘਰ ਵਾਲਿਆਂ ਹਵਾਲੇ ਕਰ ਦਿੱਤਾ। ਥਾਣਾ-8 ਦੇ ਏਐਸਆਈ ਅਰੁਣ ਕੁਮਾਰ ਨੇ ਦੱਸਿਆ ਕਿ ਬੂਟਾ ਮੰਡੀ 'ਚ ਅੰਬੇਡਕਰ ਪਾਰਕ ਨੇੜੇ ਰਹਿਣ ਵਾਲੇ ਵੰਸ਼ (8) ਤੇ ਦੀਪਕ (6) ਸੋਮਵਾਰ ਸਵੇਰੇ ਘਰੋਂ ਗੁਰੂ ਰਵੀਦਾਸ ਚੌਕ ਨੇੜੇ ਸਰਕਾਰੀ ਸਕੂਲ 'ਚ ਜਾਣ ਲਈ ਨਿਕਲੇ। ਪਰ ਸਕੂਲ ਨਾ ਜਾ ਕੇ ਬੱਚੇ ਘੁੰਮਣ ਨਿਕਲ ਗਏ। ਦੋਵੇਂ ਘੁੰਮਦੇ ਹੋਏ ਰਸਤਾ ਭੁੱਲ ਗਏ ਤੇ ਲੰਮਾ ਪਿੰਡ ਤਕ ਪੁੱਜ ਗਏ। ਉਥੇ ਲੋਕਾਂ ਨੇ ਬੱਚਿਆਂ ਨੂੰ ਰੋਕ ਕੇ ਪੁੱਛਗਿੱਛ ਕਰਕੇ ਥਾਣਾ-8 ਦੀ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਬੱਚਿਆਂ ਨੂੰ ਥਾਣੇ ਲੈ ਗਈ। ਥਾਣੇ ਅੰਦਰ ਪੁੱਜਦੇ ਹੀ ਸਕੂਲ ਦੇ ਬੰਕ ਦੇ ਡਰ ਤੋਂ ਬੱਚਿਆਂ ਨੇ ਖ਼ੁਦ ਦੇ ਅਗਵਾ ਦੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੋਈ ਸਾਈਕਲ ਸਵਾਰ ਨੌਜਵਾਨ ਲੈ ਕੇ ਜਾ ਰਿਹਾ ਸੀ। ਜੋ ਚੌਕ 'ਤੇ ਪੁਲਸ ਵੇਖ ਕੇ ਉਨ੍ਹਾਂ ਨੂੰ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਪੁਲਸ ਨੇ ਇਸ ਦੀ ਜਾਣਕਾਰੀ ਭਾਰਗੋ ਕੈਂਪ ਪੁਲਸ ਨੂੰ ਦਿੱਤੀ। ਉਧਰ, ਦੁਪਹਿਰ ਤਕ ਬੱਚਿਆਂ ਦੇ ਘਰ ਨਾ ਪੁੱਜਣ 'ਤੇ ਅੌਰਤਾਂ ਨੇ ਇਸ ਦੀ ਸ਼ਿਕਾਇਤ ਥਾਣੇ 'ਚ ਕੀਤੀ ਤਾਂ ਪੁਲਸ ਉਨ੍ਹਾਂ ਨੂੰ ਲੈ ਕੇ ਥਾਣਾ-8 ਪੁੱਜੀ ਤੇ ਪਛਾਣ ਕਰਵਾ ਕੇ ਬੱਚੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ।
↧