ਲਖਬੀਰ, ਜਲੰਧਰ : ਸੋਮਵਾਰ ਆਟੋਮੇਟਿਡ ਡਰਾਈਵਿੰਗ ਆਨਲਾਈਨ ਲਾਇਸੈਂਸਿੰਗ ਟਰੈਕ ਦਾ ਕੰਮ ਬਿਲਕੁਲ ਠੱਪ ਰਹਿਣ ਕਾਰਨ ਲੋਕਾਂ ਨੂੰ ਮਾਯੂਸ ਹੋਕੇ ਪਰਤਣਾ ਪਿਆ। ਟਰੈਕ 'ਤੇ ਸਵੇਰ ਤੋਂ ਹੀ ਸਾਫਟਵੇਅਰ ਸਮੱਸਿਆ ਕਾਰਨ ਇਕ ਵੀ ਬਿਨੈਕਾਰ ਦਾ ਲਾਇਸੈਂਸ ਨਹੀਂ ਬਣ ਸਕਿਆ। ਸੋਮਵਾਰ ਆਟੋਮੇਟਿਡ ਡਰਾਈਵਿੰਗ ਆਨਲਾਈਨ ਲਾਇਸੈਂਸਿੰਗ ਟਰੈਕ ਦੇ ਸਾਫਟਵੇਅਰ ਨੇ ਲੋਕਾਂ ਦਾ ਪਸੀਨਾ ਬਹਾਉਂਦੇ ਖੂਬ ਸਤਾਇਆ।
- ਸਾਰੇ ਬਿਨੈਕਾਰ ਪਰਤੇ ਬੈਰੰਗ
ਸਾਫਟਵੇਅਰ 'ਚ ਆਈ ਸਮੱਸਿਆ ਕਾਰਨ ਟਰਾਈ ਲਈ ਆਏ ਸਾਰੇ ਬਿਨੈਕਾਰਾਂ ਨੂੰ ਬੈਰੰਗ ਹੀ ਪਰਤਣਾ ਪਿਆ। ਕਿਸੇ ਇਕ ਵੀ ਬਿਨੈਕਾਰ ਦੀ ਨਾ ਤਾਂ ਟਰਾਈ ਤੇ ਨਾ ਹੀ ਕਿਸੇ ਲਾਇਸੈਂਸ ਦੀ ਫੋਟੋ ਹੋ ਸਕੀ। ਬਿਨੈਕਾਰ ਪੂਰਾ ਦਿਨ ਸਾਫਟਵੇਅਰ ਠੀਕ ਹੋਣ ਦਾ ਇੰਤਜ਼ਾਰ ਕਰਦੇ ਰਹੇ ਪਰ ਅਖੀਰ ਉਨ੍ਹਾਂ ਨੂੰ ਬੈਰੰਗ ਹੀ ਪਰਤਣਾ ਪਿਆ।
- ਗਰਮੀ ਨੇ ਕੀਤਾ ਹਾਲੋ-ਬੇਹਾਲ
ਲਾਇਸੈਂਸਿੰਗ ਟਰੈਕ 'ਤੇ ਜਿਥੇ ਕੰਪਿਊਟਰ ਦੇ ਸਾਫਟਵੇਅਰ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ, ਉਥੇ ਦੂਜੇ ਪਾਸੇ ਗਰਮੀ ਨੇ ਵੀ ਲੋਕਾਂ ਦੇ ਚੰਗੇ ਵੱਟ ਕੱਢੇ। ਗਰਮੀ ਕਾਰਨ ਬਿਨੈਕਾਰ ਹਾਲੋ-ਬੇਹਾਲ ਰਹੇ। ਵਾਹਨ ਦੀ ਟਰਾਈ ਲਈ ਟਰੈਕ 'ਤੇ ਪਹੁੰਚੀ ਸ਼ਿਵਾਨੀ ਨੇ ਦੱਸਿਆ ਆਏ ਦਿਨ ਟਰੈਕ 'ਤੇ ਸਮੱਸਿਆ ਰਹਿਣ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਉਸ ਨੇ ਕਿਹਾ ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪ੍ਰਸ਼ਾਸ਼ਨ ਦੀ ਨਾਲਾਇਕੀ ਸਾਬਤ ਕਰਦਾ ਹੈ।
- ਲੋਕਾਂ ਲਈ ਕੋਈ ਪ੍ਰਬੰਧ ਨਹੀਂ
ਕੰਮ ਨਾ ਹੋਣ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਕਿਹਾ ਕਿ ਚਾਹੇ ਪ੍ਰਸ਼ਾਸਨ ਨੇ ਲੋਕਾਂ ਨੂੰ ਸਹੂਲਤ ਦੇਣ ਲਈ ਆਟੋਮੇਟਿਡ ਡਰਾਈਵਿੰਗ ਆਨਲਾਈਨ ਲਾਇਸੈਂਸਿੰਗ ਟਰੈਕ ਦੀ ਸ਼ੁਰੂਆਤ ਕੀਤੀ ਹੈ। ਪਰ ਪੂਰੀ ਤਿਆਰੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਬਿਨੈਕਾਰਾਂ ਦੇ ਬੈਠਣ ਜਾਂ ਖੜ੍ਹੇ ਹੋਣ ਲਈ ਸ਼ੈੱਡ ਦਾ ਪ੍ਰਬੰਧ ਨਹੀਂ ਕੀਤਾ ਗਿਆ। ਸੋਮਵਾਰ ਲੋਕਾਂ ਦੀ ਕਾਫੀ ਭੀੜ ਹੋਣ ਕਾਰਨ ਉਹ ਬੈਠਣ ਜਾਂ ਖੜ੍ਹੇ ਹੋਣ ਲਈ ਸੰਘਰਸ਼ ਕਰਦੇ ਦਿਖਾਈ ਦਿੱਤੇ।