---ਜਿੰਦਲ ਕੰਪਨੀ ਵੱਲੋਂ ਕੰਮ ਠੱਪ ਕਰਨ 'ਤੇ ਮੇਅਰ ਤੇ ਭੰਡਾਰੀ ਨੇ ਸਥਾਨਕ ਸਰਕਾਰਾਂ ਮੰਤਰੀ ਨਾਲ ਕੀਤੀ ਬੈਠਕ
-ਅਗਲੇ ਹਫ਼ਤੇ ਕੰਪਨੀ ਨਾਲ ਹੋਵੇਗੀ ਬੈਠਕ
-ਮੁੱਖ ਮੰਤਰੀ ਦੇ ਫੈਸਲੇ ਤੋਂ ਹੋਵੇਗਾ ਜਿੰਦਲ ਦੀ ਮੰਗ ਤੇ ਕਰਾਰ ਬਾਰੇ ਅਗਲਾ ਫ਼ੈਸਲਾ
ਜਲੰਧਰ (ਜੇਐੱਨਐੱਨ) : ਸਾਲਿਡ ਵੇਸਟ ਦੀ ਠੇਕਾ ਕੰਪਨੀ ਜਿੰਦਲ ਇਨਫ੍ਰਾਸਟਰੱਕਚਰ ਵੱਲੋਂ ਕੰਮ ਠੱਪ ਕਰਨ ਤੋਂ ਛੇ ਦਿਨ ਬਾਅਦ ਸਰਕਾਰ ਹਰਕਤ ਵਿਚ ਆਈ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਜਮਸ਼ੇਰ ਖਾਸ 'ਚ ਪ੍ਰਸਾਤਵਿਤ ਸਾਲਿਡ ਵੇਸਟ ਪਲਾਂਟ 'ਤੇ ਫੈਸਲਾ ਲੈਣ ਤਾਂ ਜੋ ਜਿੰਦਲ ਕੰਪਨੀ ਵੱਲੋਂ ਜਲੰਧਰ ਕਲਸਟਰ 'ਚ ਕੰਮ ਠੱਪ ਕਰਨ ਤੇ ਕਰਾਰ ਰੱਦ ਕਰਨ ਦੇ ਦਿੱਤੇ ਗਏ ਨੋਟਿਸ 'ਤੇ ਫੈਸਲ ਕੀਤਾ ਜਾ ਸਕੇ। ਮੰਤਰੀ ਜੋਸ਼ੀ ਦੀ ਚਿੱਠੀ ਤੋਂ ਬਾਅਦ ਇਕ ਵਾਰ ਫਿਰ ਪ੍ਰਾਜੈਕਟ ਉਪਰ ਅਕਾਲੀ ਤੇ ਭਾਜਪਾ ਵਿਚਾਲੇ ਚੱਲ ਰਹੀ ਸਿਆਸਤ ਗਰਮਾ ਗਈ ਹੈ।
ਮੇਅਰ ਸੁਨੀਲ ਜਿਓਤੀ ਤੇ ਸੀਪੀਐੱਸ ਕੇਡੀ ਭੰਡਾਰੀ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਸਨ। ਸ਼ਾਮ ਨੂੰ ਸਾਲਿਡ ਵੇਸਟ ਦੇ ਮਸਲੇ 'ਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨਾਲ ਮੇਅਰ ਤੇ ਭੰਡਾਰੀ ਦੀ ਹੋਈ ਬੈਠਕ 'ਚ ਇਹ ਜਾਣਕਾਰੀ ਦਿੱਤੀ ਗਈ। ਮੇਅਰ ਨੇ ਦੱਸਿਆ ਕਿ ਜਿੰਦਲ ਕੰਪਨੀ ਵੱਲੋਂ ਕੰਮ ਬੰਦ ਕਰਨ ਦੀ ਰਿਪੋਰਟ ਪਹਿਲਾਂ ਵੀ ਨਿਗਮ ਕਮਿਸ਼ਨਰ ਨੇ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਭੇਜੀ ਹੋਈ ਹੈ ਜਦੋਂਕਿ ਬੈਠਕ ਵਿਚ ਵੀ ਪੂਰੇ ਕਲਸਟਰ 'ਚ ਪ੍ਰਭਾਵਿਤ ਹੋ ਰਹੀ ਸਫ਼ਾਈ ਵਿਵਸਥਾ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਕੰਪਨੀ ਵੱਲੋਂ ਡੋਰ-ਟੂ-ਡੋਰ ਕੂੜਾ ਇਕੱਠਾ ਨਾ ਕਰਨ, ਸ਼ਹਿਰ ਦੇ 72 ਵਿਚੋਂ ਸਿਰਫ਼ 29 ਡੰਪਾਂ ਤੋਂ ਕੂੜੇ ਦੀ ਲਿਫਟਿੰਗ ਕਰਵਾਉਣ ਅਤੇ ਜਮਸ਼ੇਰ ਖਾਸ 'ਚ ਪਲਾਂਟ ਨਾ ਲੱਗਣ ਕਾਰਨ ਘਾਟਾ ਦੱਸ ਕੇ ਕਰਾਰ ਰੱਦ ਕਰਨ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਪਲਾਂਟ ਦੀ ਜ਼ਮੀਨ ਬਾਰੇ ਫ਼ੈਸਲਾ ਲੈਣ ਲਈ ਕਿਹਾ ਹੈ ਤਾਂ ਪਲਾਂਟ ਲਗਾਉਣ ਦਾ ਫ਼ੈਸਲਾ ਲਿਆ ਜਾ ਸਕੇ। ਨਾਲ ਹੀ ਮੰਤਰੀ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਜਿੰਦਲ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਤੈਅ ਕੀਤੀ ਜਾਵੇ, ਜਿਸ ਵਿਚ ਕੰਪਨੀ ਦਾ ਮੰਗ ਤੇ ਕਰਾਰ ਰੱਦ ਕਰਨ ਸਬੰਧੀ ਫ਼ੈਸਲਾ ਲਿਆ ਜਾ ਸਕੇ। ਮੀਟਿੰਗ 'ਚ ਮੇਅਰ, ਨਿਗਮ ਕਮਿਸ਼ਨਰ ਦੇ ਨਾਲ ਸ਼ਹਿਰ ਦੇ ਵਿਧਾਇਕ ਵੀ ਸ਼ਾਮਲ ਹੋਣਗੇ, ਉਦੋਂ ਤਕ ਉਪ ਮੁੱਖ ਮੰਤਰੀ ਦਾ ਪਲਾਂਟ ਬਾਰੇ ਫ਼ੈਸਲਾ ਵੀ ਆ ਜਾਵੇਗਾ।
ਮਸ਼ੀਨਰੀ ਲਈ ਵੀ ਮੇਅਰ ਨੇ ਮੰਗੇ ਫੰਡ
ਮੇਅਰ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਮਿਲੇ 3.71 ਕਰੋੜ ਰੁਪਏ ਨਾਲ ਦੋ ਮਹੀਨਿਆਂ 'ਚ ਮਸ਼ੀਨਰੀ ਖ਼ਰੀਦੀ ਜਾਵੇਗੀ। ਪਰ ਅਚਾਨਕ ਨਿਗਮ ਪੱਧਰ 'ਤੇ ਪੂਰੇ ਸ਼ਹਿਰ ਦੀ ਸਫ਼ਾਈ ਲਈ ਕੁਝ ਮਸ਼ੀਨਰੀ ਕਿਰਾਏ ਉਪਰ ਲੈਣੀ ਪੈਣੀ ਹੈ, ਜਿਸ ਲਈ ਸਥਾਨਕ ਸਰਕਾਰਾਂ ਮੰਤਰੀ ਕੋਲੋਂ ਵਿਸ਼ੇਸ਼ ਫੰਡ ਦੀ ਮੰਗ ਕੀਤੀ ਗਈ ਹੈ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਭਾਵਿਤ ਨਾ ਹੋਵੇ।
ਜਿੰਦਲ ਦੀ ਮਸ਼ੀਨਰੀ ਕਿਰਾਏ 'ਤੇ ਲੈ ਸਕਦਾ ਹੈ ਨਿਗਮ
ਜਿੰਦਲ ਕੰਪਨੀ ਵੱਲੋਂ ਕੰਮ ਠੱਪ ਕਰਨ ਤੋਂ ਬਾਅਦ ਸਾਰੀ ਮਸ਼ੀਨਰੀ ਸੂਰਾਨੁੱਸੀ ਸਥਿਤ ਵਰਕਸ਼ਾਪ 'ਚ ਖੜ੍ਹੀ ਕੀਤੀ ਹੋਈ ਹੈ ਜਦੋਂਕਿ ਨਿਗਮ ਨੂੰ ਆਪਣੇ ਪੱਧਰ 'ਤੇ ਸ਼ਹਿਰ ਦੇ ਸਾਰੇ 72 ਡੰਪਾਂ ਵਿਚੋਂ ਕੂੜੇ ਦੀ ਲਿਫਟਿੰਗ ਕਰਨ ਲਈ ਮਸ਼ੀਨਰੀ ਦੀ ਲੋੜ ਹੈ। ਅਜਿਹੇ 'ਚ ਯੋਜਨਾ ਬਣਾਈ ਜਾ ਰਹੀ ਹੈ ਕਿ ਘੱਟੋ-ਘੱਟ ਜਿੰਦਲ ਕੰਪਨੀ ਦੇ ਦੋ-ਤਿੰਨ ਕੰਟੇਨਰ, ਨੌ ਟਾਟਾ ਐਸ਼ ਸਮੇਤ ਕੁਝ ਰੇਹੜੇ ਤੇ ਕੂੜੇਦਾਨ ਕਿਰਾਏ 'ਤੇ ਲੈ ਲਏ ਜਾਣ ਤਾਂ ਜੋ ਜਿੰਦਲ ਕੰਪਨੀ ਵੱਲੋਂ ਰੱਖੇ ਗਏ ਕੂੜੇਦਾਨਾਂ ਦਾ ਕੂੜਾ ਪਹਿਲਾਂ ਵਾਂਗ ਹੀ ਚੁੱਕਿਆ ਜਾਂਦਾ ਰਹੇ। ਇਸ ਦੇ ਬਦਲੇ ਵਿਚ ਜਿੰਦਲ ਕੰਪਨੀ ਨੂੰ ਕਿਰਾਇਆ ਜਾਂ ਬੈਂਕ ਦੀ ਕਿਸ਼ਤ ਦਾ ਭੁਗਤਾਨ ਨਿਗਮ ਕਰੇਗਾ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਦਲ ਕੰਪਨੀ ਦੇ ਜਲੰਧਰ ਕਲਸਟਰ ਦੇ ਇੰਚਾਰਜ ਵਰਿੰਦਰ ਸਿੰਘ ਲੂਥਰਾ ਨੇ ਇਸ ਸਬੰਧੀ ਨਵੀਂ ਦਿੱਲੀ ਸਥਿਤ ਮੁੱਖ ਦਫ਼ਤਰ ਨਾਲ ਗੱਲ ਕਰਕੇ ਫੈਸਲਾ ਲੈਣ ਬਾਰੇ ਕਿਹਾ ਹੈ।