-ਹੈਦਰਾਬਾਦ ਨੂੰ ਛੇ ਵਿਕਟਾਂ ਨਾਲ ਹਰਾਇਆ
-ਆਖ਼ਰੀ ਗੇਂਦ 'ਤੇ ਜਿੱਤੇ ਡੇਅਰਡੇਵਿਲਜ਼
-ਕਰੁਣ ਨੇ ਖੇਡੀ ਅਜੇਤੂ ਅਰਧ ਸੈਂਕੜੇ ਦੀ ਪਾਰੀ
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕਰੁਣ ਨਾਇਰ (ਅਜੇਤੂ 83, 59 ਗੇਂਦਾਂ, 08 ਚੌਕੇ, 03 ਛੱਕੇ) ਦੇ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਡੇਅਰਡੇਵਿਲਜ਼ ਨੇ ਸ਼ੁੱਕਰਵਾਰ ਨੂੰ ਰਾਇਪੁਰ ਵਿਚ ਆਈਪੀਐਲ-9 ਦੇ ਮੁਕਾਬਲੇ ਵਿਚ ਸਨਰਾਈਜਰਜ਼ ਹੈਦਰਾਬਾਦ 'ਤੇ ਆਖ਼ਰੀ ਗੇਂਦ 'ਤੇ ਛੇ ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕਰ ਕੇ ਪਲੇਆਫ ਵਿਚ ਪੁੱਜਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਿਆਂ ਰੱਖਿਆ। ਹੈਦਰਾਬਾਦ ਨੇ ਕਪਤਾਨ ਡੇਵਿਡ ਵਾਰਨਰ (73 ਦੌੜਾਂ, 56 ਗੇਂਦਾਂ, 08 ਚੌਕੇ, 01 ਛੱਕੇ) ਦੇ ਅਰਧ ਸੈਂਕੜੇ ਦੀ ਬਦੌਲਤ ਨਿਰਧਾਰ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 158 ਦੌੜਾਂ ਬਣਾਈਆਂ ਸਨ। ਜਵਾਬ ਵਿਚ ਦਿੱਲੀ ਨੇ ਚਾਰ ਵਿਕਟਾਂ 'ਤੇ 161 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਨੇ ਦੂਜੇ ਓਵਰ ਵਿਚ ਕਵਿੰਟਨ ਡਿਕਾਕ (02) ਦਾ ਵਿਕਟ ਗੁਆ ਦਿੱਤਾ।ਉਨ੍ਹਾਂ ਨੂੰ ਬਰਿੰਦਰ ਸਰਾਂ ਨੇ ਪਵੇਲੀਅਨ ਭੇਜਿਆ। ਰਿਸ਼ਭ ਪੰਤ (32) ਅਤੇ ਨਾਇਰ ਨੇ ਹੌਲੀ-ਹੌਲੀ ਸਕੋਰ ਨੂੰ ਅੱਗੇ ਵਧਾਇਆ। 12ਵੇਂ ਓਵਰ ਵਿਚ ਪੰਤ ਦੇ ਰਨਆਊਟ ਹੋਣ ਨਾਲ ਨਾਇਰ ਦੇ ਨਾਲ ਉਨ੍ਹਾਂ ਦੀ 73 ਦੌੜਾਂ ਦੀ ਭਾਈਵਾਲੀ ਸਮਾਪਤ ਹੋਈ। 14ਵੇਂ ਓਵਰ ਦੀ ਚੌਥੀ ਗੇਂਦ 'ਤੇ ਦਿੱਲੀ ਦੀਆਂ 100 ਦੌੜਾਂ ਪੂਰੀਆਂ ਹੋਈਆਂ। ਅਗਲੇ ਗੇਂਦ 'ਤੇ ਨਾਇਰ ਨੇ ਅਰਧ ਸੈਂਕੜਾ ਪੂਰਾ ਕੀਤਾ। 15ਵੇਂ ਓਵਰ ਵਿਚ ਬਰਿੰਦਰ ਦੀ ਗੇਂਦ 'ਤੇ ਵਾਰਨਰ ਨੇ ਨਾਇਰ ਦਾ ਕੈਚ ਛੱਡ ਦਿੱਤਾ। ਅਗਲੇ ਓਵਰ ਦੀ ਆਖ਼ਰੀ ਗੇਂਦ 'ਤੇ ਜੇਪੀ ਡੁਮਿਨੀ (17) ਨੂੰ ਵੀ ਜੀਵਨਦਾਨ ਮਿਲਿਆ। ਮੁਸਤਫਿਜੁਰ ਦੀ ਗੇਂਦ 'ਤੇ ਭੁਵਨੇਸ਼ਵਰ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। ਡੁਮਿਨੀ ਇਸ ਦਾ ਫ਼ਾਇਦਾ ਨਾ ਉਠਾ ਸਕੇ ਅਤੇ 17ਵੇਂ ਓਵਰ ਦੀ ਪਹਿਲੀ ਗੇਂਦ 'ਤੇ ਵਾਰਨਰ ਦੇ ਹੱਥੋਂ ਕੈਚ ਕਰ ਲਏ ਗਏ। ਇਸ ਵਾਰ ਗੇਂਦਬਾਜ਼ ਬਰਿੰਦਰ ਸਨ।ਇਸ ਓਵਰ ਵਿਚ ਨਾਇਰ ਨੇ ਦੋ ਛੱਕੇ ਲਾ ਕੇ ਦਬਾਅ ਘੱਟ ਕੀਤਾ। 19ਵੇਂ ਓਵਰ ਵਿਚ ਮੁਸਤਫਿਜੁਰ ਦੀ ਦੂਜੀ ਗੇਂਦ 'ਤੇ ਬਰਿੰਦਰ ਨੇ ਸ਼ਾਨਦਾਰਕੈਚ ਫੜ ਕੇ ਕਾਰਲੋਸ ਬ੍ਰੇਥਵੇਟ (10 ਨੂੰ ਪਵੇਲੀਅਨ ਭੇਜਿਆ। ਆਖ਼ਰੀ ਓਵਰ ਵਿਚ ਦਿੱਲੀ ਨੂੰ ਜਿੱਤਣ ਲਈ 11 ਦੌੜਾਂ ਦੀ ਲੋੜ ਸੀ। ਭੁਵਨੇਸ਼ਵਰ ਨੇ ਇਸ ਓਵਰ ਦੀਆਂ ਆਖ਼ਰੀ ਦੋ ਗੇਂਦਾਂ 'ਤੇ ਨਾਇਰ ਨੇ ਦੋ ਚੌਕੇ ਲਾ ਕੇ ਦਿੱਲੀ ਨੂੰ ਰੋਮਾਂਚਕ ਜਿੱਤ ਦਿਵਾਈ।