ਆਰਕੇ ਆਨੰਦ, ਜਲੰਧਰ : ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਜਲੰਧਰ ਇਕਾਈ ਦੀ ਅਹਿਮ ਮੀਟਿੰਗ ਬੀਤੇ ਦਿਨੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਅਵਤਾਰ ਚੰਦ, ਪਰਮਿੰਦਰ ਅੱਟਾ, ਸੰਦੀਪ ਸੰਧੂ, ਸੰਦੀਪ ਆਦਮਪੁਰ, ਕੁਲਵੰਤ ਰਾਏ, ਤਰਲੋਕ ਸਿੰਘ, ਹਰਵਿੰਦਰ ਪਾਲ, ਪਰਮਵੀਰ ਸਿੰਘ, ਸਰਬਜੀਤ ਸਿੰਘ ਤੇ ਹੋਰ ਅਧਿਆਪਕ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਪਿਛਲੇ 190 ਦਿਨਾਂ ਤੋਂ ਮੋਹਾਲੀ 'ਚ ਯੂਨੀਅਨ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਪਰ ਸਰਕਾਰ ਸਾਡੀ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ ਥਾਂ ਲਾਰੇ-ਲੱਪੇ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਆਪਣੇ ਅਧਿਆਪਕ ਸਾਥੀਆਂ ਨੂੰ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਮੁੱਖ ਮੰਤਰੀ ਤੇ ਸਿੱਖਿਆ ਅਧਿਕਾਰੀਆਂ ਨਾਲ ਯੂਨੀਅਨ ਦੀ ਮੀਟਿੰਗ ਹੋਈ ਸੀ ਤੇ ਵਾਅਦਾ ਕੀਤਾ ਗਿਆ ਸੀ ਕਿ ਛੇਤੀ ਹੀ ਸਾਡੀ ਸਮੱਸਿਆ ਨੂੰ ਹੱਲ ਕਰਦਾ ਨੋਟੀਿਫ਼ਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਪਰ ਇਕ ਮਹੀਨਾ ਲੰਘ ਗਿਆ ਹੈ, ਨੋਟੀਫਿਕੇਸ਼ਨ ਦੀ ਕੋਈ ਸਾਰ ਨਹੀਂ ਮਿਲ ਰਹੀ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 25-26 ਮਈ ਨੂੰ ਸੰਗਤ ਦਰਸ਼ਨ ਕਰਨ ਆ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਾਡਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਨਹੀਂ ਤਾਂ ਸੰਗਤ ਦਰਸ਼ਨ ਦਾ ਯੂਨੀਅਨ ਵਿਰੋਧ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਸਿਆ 2 ਜੂਨ ਨੂੰ ਬਿਠੰਡਾ ਵਿਖੇ ਯੂਨੀਅਨ ਵੱਲੋਂ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਜਿਸ 'ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਦਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਜਨਵਰੀ ਮਹੀਨੇ ਤੋਂ ਸਰਕਾਰ ਨੇ ਤਨਖ਼ਾਹ ਵੀ ਜਾਣ-ਬੁੱਝ ਕੇ ਰੋਕ ਰੱਖੀ ਹੈ ਜੋ ਬਿਨਾ ਦੇਰੀ ਜਾਰੀ ਕੀਤੀ ਜਾਵੇ।