ਜਲੰਧਰ (ਸਟਾਫ ਰਿਪੋਰਟਰ) : ਗੁਰੂ ਨਾਨਕ ਪੁਰਾ ਈਸਟ ਵਿਖੇ ਐਤਵਾਰ ਨੂੰ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਦੇ ਦੋਸ਼ੀ ਨੌਜਵਾਨਾਂ ਖ਼ਿਲਾਫ਼ ਇਲਾਕਾ ਵਾਸੀ ਮੰਗਲਵਾਰ ਸਵੇਰੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੂੰ ਪੰਡਤ ਦੀਨ ਦਿਆਲ ਉਪਾਧਿਆਏ ਸਮਿ੍ਰਤੀ ਮੰਚ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਮਿਲਣ ਗਏ। ਪੀੜਤ ਦੇ ਪਿਤਾ ਹੇਮਰਾਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਰਾਕੇਸ਼ ਸ਼ਰਮਾ ਤੇ ਮੁਕੇਸ਼ ਸ਼ਰਮਾ ਨੂੰ ਉਨ੍ਹਾਂ ਦੇ ਘਰ ਅੰਦਰ ਆ ਕੇ ਜਿਨ੍ਹਾਂ ਹਮਲਾਵਰਾਂ ਨੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ ਸੀ, ਉਨ੍ਹਾਂ ਖ਼ਿਲਾਫ਼ ਘਰ ਅੰਦਰ ਵੜ ਕੇ ਹਮਲਾ ਕਰਨ ਦੀ ਧਾਰਾ ਲਗਾਈ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਸਿਆਸੀ ਦਬਾਅ ਕਾਰਨ ਪੁਲਸ ਅਜਿਹਾ ਕਰਨ ਤੋਂ ਕਦਮ ਪਿੱਛੇ ਖਿੱਚ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਦੀ ਿਢੱਲ ਕਾਰਨ ਇਲਾਕਾ ਵਾਸੀਆਂ 'ਚ ਕਾਫ਼ੀ ਰੋਸ ਹੈ। ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਨੇ ਮੰਗਲਵਾਰ ਸ਼ਾਮ ਤਕ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦਾ ਭਰੋਸਾ ਦਿਵਾਇਆ ਸੀ ਪਰ ਅਜਿਹਾ ਨਹੀਂ ਹੋ ਸਕਿਆ, ਜਿਸ ਕਾਰਨ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਮੋਮਬੱਤੀ ਮਾਰਚ ਕੱਢ ਕੇ ਆਪਣਾ ਰੋਸ ਪ੍ਰਗਟਾਵਾ ਕੀਤਾ। ਰੋਸ ਮਾਰਚ ਦੀ ਸੂਚਨਾ ਮਿਲਦੇ ਹੀ ਏਡੀਸੀਪੀ-1 ਜਸਵੀਰ ਸਿੰਘ, ਥਾਣਾ ਰਾਮਾ ਮੰਡੀ ਦੇ ਐਸਐਚਓ ਭੂਸ਼ਣ ਸੇਖੜੀ, ਚੌਕੀ ਇੰਚਾਰਜ ਸਤਨਾਮ ਸਿੰਘ ਮੌਕੇ 'ਤੇ ਪੁੱਜ ਗਏ। ਇਸ ਦੌਰਾਨ ਇਲਾਕਾ ਵਾਸੀਆਂ ਨੇ ਪੁਲਸ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਪੁਲਸ ਪ੍ਰਸ਼ਾਸਨ 'ਤੇ ਗੁੰਡਾ ਤੱਤਾਂ ਦਾ ਸਾਥ ਦੇਣ ਦਾ ਦੋਸ਼ ਲਗਾਇਆ।
ਇਸਮੌਕੇ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਸ ਦੇ ਏਸੀਪੀ ਦੇਵਦੱਤ ਸ਼ਰਮਾ ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨ ਲਈ ਪੁਲਸ ਕਮਿਸ਼ਨਰ ਨੂੰ ਗੁੰਮਰਾਹ ਕਰਕੇ ਜਨਤਾ ਤੇ ਪੀੜਤ ਪਰਿਵਾਰ ਨਾਲ ਅਨਿਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਏਸੀਪੀ ਦੇਵਦੱਤ ਸ਼ਰਮਾ ਖ਼ਿਲਾਫ਼ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਡੀਜੀਪੀ ਸੁਰੇਸ਼ ਅਰੋੜਾ ਕੋਲ ਸ਼ਿਕਾਇਤ ਦਰਜ ਕਰਵਾਉਣਗੇ।
ਇਸ ਮੌਕੇ ਅਜੇ ਮਹੰਤ, ਡਾ. ਵਿਨੀਤ ਸ਼ਰਮਾ, ਪ੍ਰਕਾਸ਼ ਚਾਂਦ ਸ਼ਰਮਾ, ਕੁਲਦੀਪ ਤਿਵਾਰੀ, ਆਰਪੀ ਤਿਵਾਰੀ, ਰਵਿੰਦਰ ਕੁਮਾਰ, ਰਾਕੇਸ਼ ਕੁਮਾਰ, ਦੇਸਰਾਜ, ਨਰੇਸ਼ ਕੁਮਾਰ, ਰਾਮਦਾਸ, ਸੁਖਵੰਤ ਕੌਰ, ਕਮਲਜੀਤ ਕੌਰ, ਜਸਵੀਰ ਕੌਰ, ਅਵਤਾਰ ਸਿੰਘ, ਦੀਪਕ ਵਰਮਾ, ਨਵਦੀਪ, ਰਾਜ ਕੁਮਾਰ, ਮੀਨਾ ਕੁਮਾਰ, ਰੰਜੀਤ ਸਿੰਘ, ਨਿਸ਼ਾ ਸ਼ਰਮਾ, ਐਮਐਲ ਸ਼ਰਮਾ, ਸਤੀਸ਼ ਕੁਮਾਰ, ਰਾਣੀ, ਐਚਐਲ ਸ਼ਰਮਾ ਆਦਿ ਹਾਜ਼ਰ ਸਨ।