ਲਖਬੀਰ ਸਿੰਘ, ਜਲੰਧਰ
ਬੇਸ਼ੱਕ ਪ੍ਰਸ਼ਾਸਨ ਨੇ ਈ-ਡਿਸਟਿ੫ਕ ਸ਼ੁਰੂ ਕਰਕੇ ਲੋਕਾਂ ਦੇ ਕੰਮਾਂ 'ਚ ਆਈ ਖੜ੍ਹੋਤ ਨੂੰ ਦੂਰ ਕਰਨ ਦੇ ਵਧੀਆ ਯਤਨ ਕੀਤੇ ਹਨ। ਦੂਜੇ ਪਾਸੇ ਨਵੀਂ ਤਕਨੀਕ ਕਾਰਨ ਕੁਝ ਖਾਮੀਆਂ ਵੀ ਰਹਿ ਗਈਆਂ ਹਨ, ਜਿਨ੍ਹਾਂ ਨੂੰ ਦੂਰ ਕੀਤੇ ਬਿਨਾਂ ਕੰਮ ਨਹੀਂ ਚੱਲ ਸਕਦਾ। ਇਸੇ ਤਰ੍ਹਾਂ ਦੀ ਸਭ ਤੋਂ ਵੱਡੀ ਖਾਮੀ ਮੈਰਿਜ਼ ਸਰਟੀਫਿਕੇਟ ਤਿਆਰ ਕਰਨ ਦੌਰਾਨ ਸਾਹਮਣੇ ਆ ਰਹੀ, ਜਿਸ ਕਾਰਨ ਮੈਰਿਜ਼ ਸਰਟੀਫਿਕੇਟਾਂ ਦੇ ਕੰਮ 'ਚ ਰੁਕਾਵਟ ਪੈਦਾ ਹੋ ਰਹੀ ਹੈ। ਅਜਿਹੇ ਖਾਮੀ ਕਾਰਨ ਮੈਰਿਜ਼ ਰਜਿਸਟਰਾਰ ਉਸਨੂੰ ਦੂਰ ਕੀਤੇ ਬਿਨਾਂ ਫਾਈਲ ਨੂੰ ਅਧੂਰਾ ਮੰਨ ਰਹੇ ਹਨ। ਵਰਨਣਯੋਗ ਹੈ ਕਿ ਮੈਰਿਜ਼ ਫਾਈਲ ਤਿਆਰ ਕਰਨ ਮੌਕੇ ਵਿਆਹ ਕਰਵਾਉਣ ਵਾਲੇ ਲੜਕੀ ਅਤੇ ਲੜਕੇ ਵੱਲੋਂ ਮੈਰਿਜ਼ ਰਜਿਸਟਰਾਰ ਦੇ ਸਾਹਮਣੇ ਹਲਫੀਆ ਬਿਆਨ ਦਿੱਤਾ ਜਾਂਦਾ ਸੀ, ਜੋ ਕਿ ਹੁਣ ਨਵੀਂ ਤਕਨੀਕ ਨਾਲ ਤਿਆਰ ਹੋਣ ਵਾਲੀ ਫਾਈਲ 'ਚੋਂ ਗਾਇਬ ਹੋ ਗਿਆ ਹੈ, ਜਿਸ ਪਾਸੇ ਪ੍ਰਸ਼ਾਸਨ ਨੇ ਅਜੇ ਧਿਆਨ ਨਹੀਂ ਦਿੱਤਾ ਹੈ।
-------------
-ਕੀ ਹੈ ਹਲਫੀਆ ਬਿਆਨ
ਵਿਆਹ ਕਰਵਾਉਣ ਵਾਲੇ ਲੜਕੇ ਤੇ ਲੜਕੀ ਵੱਲੋਂ ਦਿੱਤੇ ਜਾਣ ਵਾਲੇ ਹਲਫੀਆ ਬਿਆਨ 'ਚ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਂ, ਉਮਰ ਤੋਂ ਇਲਾਵਾ ਪੂਰਾ ਪਤਾ ਲਿਖਿਆ ਜਾਂਦਾ ਸੀ। ਇਸ ਤੋਂ ਇਲਾਵਾ ਪਹਿਲਾ ਜਾਂ ਦੂਜਾ ਵਿਆਹ, ਕੁਆਰਾ/ਕੁਆਰੀ/ਤਲਾਕਸ਼ੁਦਾ ਹੋਣ ਬਾਰੇ ਕਬੂਲ ਕੀਤਾ ਜਾਂਦਾ ਸੀ। ਇਹ ਵੀ ਲਿਖਿਆ ਜਾਂਦਾ ਸੀ ਕਿ ਉਕਤ ਵਿਆਹ ਹਿੰਦੂ, ਸਿੱਖ ਜਾਂ ਹੋਰਨਾਂ ਰੀਤੀ-ਰਿਵਾਜ਼ਾਂ ਅਧੀਨ ਕਿਸ ਧਾਰਮਿਕ ਥਾਂ 'ਚ ਹੋਇਆ, ਬਾਰੇ ਵੀ ਦੱਸਿਆ ਜਾਂਦਾ ਸੀ। ਇਸ ਤਰ੍ਹਾਂ ਦੇ ਚਾਰ ਹਲਫੀਆ ਬਿਆਨ ਮਾਤਾ-ਪਿਤਾ ਤੇ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਵੱਲੋਂ ਲਏ ਜਾਂਦੇ ਸਨ। ਇਨ੍ਹਾਂ ਹਲਫੀਆ ਬਿਆਨਾਂ ਨੂੰ ਮੈਰਿਜ਼ ਰਜਿਸਟਰਾਰ ਤਸਦੀਕ ਕਰਦਾ ਸੀ।
------------
-ਅਦਾਲਤੀ ਮਾਮਲਿਆਂ 'ਚ ਆਵੇਗੀ ਸਮੱਸਿਆ?
ਹਲਫੀਆ ਬਿਆਨ ਤੋਂ ਬਾਅਦ ਵਿਆਹ ਰਜਿਸਟਰਡ ਕਰਵਾਉਣ ਆਏ ਸਾਰੇ ਜ਼ਿੰਮੇਵਾਰ ਵਿਅਕਤੀਆਂ ਨੂੰ ਪ੍ਰਸ਼ਾਸਨ ਵੱਲੋਂ ਕਲਮਬੰਦ ਕਰ ਲਿਆ ਜਾਂਦਾ ਸੀ। ਵਿਆਹ ਰਜਿਸਟਰਡ ਹੋਣ ਉਪਰੰਤ ਜਦੋਂ ਕਦੇ ਆਪਸੀ ਤਣਾਅ ਪੈਦਾ ਹੋਣ ਤੋਂ ਬਾਅਦ ਮਾਮਲਾ ਅਦਾਲਤ 'ਚ ਜਾਂਦਾ ਸੀ ਤਾਂ ਉਸ ਸਮੇਂ ਉਕਤ ਹਲਫੀਆ ਬਿਆਨ ਹੀ ਕੰਮ ਆਉਂਦੇ ਸਨ ਕਿਉਂਕਿ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਅਧਿਕਾਰੀ ਦੀ ਜ਼ਿੰਮੇਵਾਰੀ ਸਪੱਸ਼ਟ ਨਹੀਂ ਕੀਤੀ ਜਾ ਸਕਦੀ ਸੀ। ਪਹਿਲਾਂ ਅਦਾਲਤ 'ਚ ਹਲਫੀਆ ਬਿਆਨ ਪੇਸ਼ ਕਰਕੇ ਸਾਰੀ ਸਥਿਤੀ ਸਪੱਸ਼ਟ ਹੋ ਜਾਂਦੀ ਸੀ ਪਰ ਹੁਣ ਅਦਾਲਤ 'ਚ ਪ੍ਰਸ਼ਾਸਨ ਸਬੂਤ ਵਜੋਂ ਕੁਝ ਵੀ ਪੇਸ਼ ਨਹੀਂ ਕਰ ਸਕੇਗਾ, ਜੋ ਕਿ ਵੱਡੀ ਸਮੱਸਿਆ ਹੋਵੇਗੀ।
-----------
5 ਫਾਈਲਾਂ 'ਤੇ ਲੱਗਾ ਆਬਜ਼ੈਕਸ਼ਨ, ਕੀਤੀਆਂ ਵਾਪਸ
ਨਵੀਆਂ ਹਦਾਇਤਾਂ ਅਨੁਸਾਰ ਤਿਆਰ ਹੋ ਰਹੀਆਂ ਮੈਰਿਜ਼ ਫਾਈਲਾਂ 'ਚ ਹਲਫੀਆ ਬਿਆਨ ਨਾ ਹੋਣ ਕਾਰਨ ਮੈਰਿਜ਼ ਰਜਿਸਰਾਰ ਤੇ ਹੋਰ ਅਧਿਕਾਰੀ ਦੁਚਿੱਤੀ ਫਸੇ ਹੋਏ ਮਹਿਸੂਸ ਕਰ ਰਹੇ ਹਨ। ਬੁੱਧਵਾਰ ਨੂੰ ਮੈਰਿਜ਼ ਰਜਿਸਟਰਾਰ ਵੱਲੋਂ ਸਿਰਫ ਹਲਫੀਆ ਬਿਆਨ ਨਾ ਹੋਣ ਦੀ ਸੂਰਤ 'ਚ 5 ਫਾਈਲਾਂ ਵਾਪਸ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਅਨੁਸਾਰ ਅਜਿਹੀ ਕਿਸੇ ਵੀ ਫਾਈਲ ਨੂੰ ਕਲੀਅਰ ਨਹੀਂ ਕੀਤਾ ਜਾਵੇਗਾ, ਜਿਸ 'ਤੇ ਹਲਫੀਆ ਬਿਆਨ ਦਰਜ ਨਹੀਂ ਹੋਣਗੇ।
-----------
-ਕੀ ਹੋਣਾ ਚਾਹੀਦੈ
ਇਸ ਸਮੱਸਿਆ ਦਾ ਇਕ ਹੱਲ ਇਹ ਵੀ ਨਿਕਲਦਾ ਹੈ ਕਿ ਜਦੋਂ ਸ਼ੁਰੂਆਤ 'ਚ ਫਾਈਲ ਤਿਆਰ ਕਰਨ ਲਈ ਜਿਹੜੇ ਵੱਖ-ਵੱਖ ਪਰਫਾਰਮੇ ਦਿੱਤੇ ਜਾਂਦੇ ਹਨ, ਉਸ ਸਮੇਂ ਹੀ ਹਲਫੀਆ ਬਿਆਨ ਦਾ ਵੀ ਕਾਗਜ਼ ਲਗਾ ਦਿੱਤਾ ਜਾਵੇ। ਮੈਰਿਜ਼ ਰਜਿਸਟਰਡ ਕਰਨ ਵਾਲਾ ਮੁਲਾਜ਼ਮ ਜਦੋਂ ਬਾਕੀ ਦਸਤਾਵੇਜ਼ਾਂ ਨੂੰ ਸਕੈਨ ਕਰੇ, ਉਸਦੇ ਨਾਲ ਹੀ ਉਕਤ ਹਲਫੀਆ ਬਿਆਨ ਦਾ ਕਾਗਜ਼ ਵੀ ਸਕੈਨ ਹੋ ਜਾਣਾ ਚਾਹੀਦਾ ਹੈ ਤਾਂਕਿ ਬਾਅਦ 'ਚ ਹਲਫੀਆ ਬਿਆਨ ਮੈਨੂੰਅਲ ਨਾ ਭਰਨਾ ਪਵੇ। ਇਸ ਤਰ੍ਹਾਂ ਕਰਨ ਨਾਲ ਪ੍ਰਸ਼ਾਸਨ ਕੋਲ ਬਾਕੀ ਦਸਤਾਵੇਦਾਂ ਦੇ ਨਾਲ-ਨਾਲ ਹਲਫੀਆ ਬਿਆਨਾਂ ਦਾ ਪੂਰਾ ਰਿਕਾਰਡ ਕੰਪਿਊਟਰ 'ਚ ਰਿਕਾਰਡ ਹੋ ਜਾਵੇਗਾ।
-----------
-ਕੀ ਕਿਹਾ ਮੈਰਿਜ਼ ਰਜਿਸਟਰਾਰ ਨੇ
ਇਸ ਸਬੰਧੀ ਮੈਰਿਜ਼ ਰਜਿਸਟਰਾਰ-1 ਹਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਲਫੀਆ ਬਿਆਨ ਨਾ ਹੋਣਾ ਇਕ ਵੱਡੀ ਖਾਮੀ ਹੈ। ਪਹਿਲਾਂ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਮੈਨੂੰਅਲ ਤੌਰ 'ਤੇ ਹਲਫੀਆ ਬਿਆਨ ਦਰਜ ਕਰਵਾ ਲਏ ਜਾਂਦੇ ਸਨ ਪਰ ਨਵੀਂ ਤਕਨੀਕ ਕਾਰਨ ਇਹ ਕੰਮ ਮੈਨੂੰਅਲ ਹੋਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ ਤੇ ਜਲਦੀ ਹੀ ਸਮੱਸਿਆ ਹੱਲ ਹੋ ਸਕਦੀ ਹੈ ਕਿਉਂਕਿ ਇਹ ਮਾਮਲਾ ਅਦਾਲਤ ਨਾਲ ਜੁੜਿਆ ਹੋਇਆ ਹੈ।