ਮਨਦੀਪ ਸ਼ਰਮਾ, ਜਲੰਧਰ : ਸ਼ਿਵ ਸੈਨਾ ਦੀ ਲਲਕਾਰ ਰੈਲੀ ਨੂੰ ਬਿਆਸ ਦਰਿਆ ਵਿਖੇ ਰੋਕਣ ਦੀ ਤਿਆਰੀ 'ਚ ਬੈਠੇ ਸਿੱਖ ਜੱਥੇਬੰਦੀਆਂ ਦੇ ਆਗੂਆਂ 'ਤੇ ਜਿੱਥੇ ਮੰਗਲਵਾਰ ਰਾਤ ਨੂੰ ਹੀ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਓਥੇ ਹੀ ਸ਼ਿਵ ਸੈਨਾ ਆਗੂਆਂ ਨੂੰ ਵੀ ਨਜ਼ਰ ਬੰਦ ਕੀਤੇ ਰੱਖਿਆ। ਇਸ ਦੌਰਾਨ ਰਾਤ ਨੂੰ ਹੀ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਤੇ ਹਰਪ੍ਰੀਤ ਸਿੰਘ ਨੀਟੂ ਨੂੰ ਹਿਰਾਸਤ 'ਚ ਲੈ ਕੇ ਥਾਣਾ-2 'ਚ ਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਤਪਾਲ ਸਿੰਘ ਸਿੱਦਕੀ ਨੂੰ 12 ਵਜੇ ਘਰੋਂ ਚੁੱਕ ਕੇ ਥਾਣਾ ਬਸਤੀ ਬਾਵਾ ਖੇਲ ਪਹੁੰਚਾ ਦਿੱਤਾ ਗਿਆ। ਇਸ ਦੇ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਨੂੰ ਵੀ ਘਰ 'ਚ ਹੀ ਨਜ਼ਰਬੰਦ ਕੀਤਾ ਗਿਆ।
ਇਸ ਬਾਰੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਸਵੇਰੇ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਦੇ ਪ੍ਰਧਾਨ ਜੱਥੇਦਾਰ ਜਗਜੀਤ ਸਿੰਘ ਕੋਲ ਪੁਲਸ ਮੁਲਾਜ਼ਮ ਪੁੱਜੇ। ਜੱਥੇਦਾਰ ਗਾਬਾ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਬਾਹਰ ਆਉਣ 'ਤੇ ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਮੁਲਾਜ਼ਮ ਉਨ੍ਹਾਂ ਨੂੰ ਥਾਣਾ-7 ਲੈ ਗਏ।
ਪਰਦੇਸੀ ਨੇ ਦੱਸਿਆ ਉਨ੍ਹਾਂ ਨੂੰ ਤੇ ਹਰਪ੍ਰੀਤ ਸਿੰਘ ਨੀਟੂ ਨੀਟੂ ਨੂੰ ਸਵੇਰੇ 10 ਵਜੇ ਤੇ ਜੱਥੇਦਾਰ ਜਗਜੀਤ ਸਿੰਘ ਗਾਬਾ ਦੇ ਇਲਾਵਾ ਸਤਪਾਲ ਸਿੰਘ ਸਿੱਦਕੀ ਨੂੰ 1.30 ਵਜੇ ਤੋਂ ਬਾਅਦ ਛੱਡਿਆ ਗਿਆ। ਉਨ੍ਹਾਂ ਦੱਸਿਆ ਪੁਲਸ ਨੇ ਗੁਰਮੀਤ ਸਿੰਘ ਬਿੱਟੂ, ਬਲਜੀਤ ਸਿੰਘ ਆਹਲੂਵਾਲੀਆ, ਹਰਪਾਲ ਸਿੰਘ ਚੱਢਾ ਦੇ ਘਰ ਛਾਪੇਮਾਰੀ ਕੀਤੀ ਪਰ ਉਹ ਮਿਲੇ ਨਹੀਂ।
-- ਬਾਕਸ
ਸ਼ਿਵ ਸੈਨਾ ਪ੍ਰਧਾਨ ਵਿਜੇ ਗੋਇਲ ਕੀਤੇ ਨਜ਼ਰਬੰਦ
ਸ਼ਿਵ ਸੈਨਾ ਦੀ ਲਲਕਾਰ ਰੈਲੀ ਦੇ ਮੱਦੇਨਜ਼ਰ ਪੁਲਸ ਵੱਲੋਂ ਸ਼ਿਵ ਸੈਨਾ ਸ਼ੇਰ-ਏ-ਪੰਜਾਬ ਦੇ ਪ੍ਰਧਾਨ ਵਿਜੇ ਗੋਇਲ ਨੂੰ ਉਨ੍ਹਾਂ ਦੇ ਘਰ 'ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਵਿਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਲੋਕ ਹਿੱਤ ਵਿਚ ਕੰਮ ਕਰਨਾ ਹੈ। ਫਿਰ ਵੀ ਥਾਣਾ-3 ਦੀ ਪੁਲਸ ਨੇ ਸ਼ੱਕ ਕਰਦੇ ਹੋਏ ਉਨ੍ਹਾਂ ਨੂੰ ਘਰ 'ਚ ਹੀ ਬੰਦ ਕਰ ਦਿੱਤਾ। ਮੰਗਲਵਾਰ ਰਾਤ ਤੋਂ ਬੁੱਧਵਾਰ ਸ਼ਾਮ ਤੱਕ ਪੁਲਸ ਮੁਲਾਜ਼ਮ ਉਨ੍ਹਾਂ ਕੋਲ ਬੈਠੇ ਰਹੇ। ਉਨ੍ਹਾਂ ਦੱਸਿਆ ਸੂਬੇ 'ਚ ਸ਼ਾਂਤੀ ਕਾਇਮ ਰਹੇ, ਇਸ ਲਈ ਉਹ ਪੂਰਾ ਜ਼ੋਰ ਲਗਾਉਣਗੇ। ਉਨ੍ਹਾਂ ਪੁਲਸ ਦੀ ਕਾਰਵਾਈ 'ਤੇ ਵੀ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਪ੍ਰਗਟਾਇਆ ਤੇ ਕਿਹਾ ਕਿ ਪੁਲਸ ਵੀ ਸ਼ਾਂਤੀ ਵਿਵਸਥਾ ਬਹਾਲ ਰੱਖਣ ਲਈ ਕੰਮ ਕਰ ਰਹੀ ਹੈ ਤੇ ਇਸ ਲਈ ਹਰ ਕਿਸੇ ਨੂੰ ਪੁਲਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਉਹ ਤਾਂ ਸ਼ਿਵ ਸੈਨਾ ਨਾਲ ਸਮਾਜ ਸੇਵਾ ਦਾ ਉਦੇਸ਼ ਲੈ ਕੇ ਜੁੜੇ ਹਨ। ਫਿਰ ਵੀ ਜੇਕਰ ਕਿਸੇ ਵੀ ਕੰਮ ਲਈ ਪੁਲਸ ਨੂੰ ਉਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹ ਹਮੇਸ਼ਾ ਤਿਆਰ ਹਨ। ਗੋਇਲ ਨੇ ਦੱਸਿਆ ਮੰਗਲਵਾਰ ਰਾਤ ਕਰੀਬ ਤਿੰਨ ਦਰਜਨ ਪੁਲਸ ਮੁਲਾਜ਼ਮ ਥਾਣਾ-3 ਦੇ ਐਸਐਚਓ ਸੁਖਬੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੇ ਘਰ ਪੁੱਜੇ ਤੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਕਰੀਬ 24 ਘੰਟੇ ਤਕ ਪੁਲਸ ਉਨ੍ਹਾਂ ਦੇ ਘਰ ਹੀ ਤਾਇਨਾਤ ਰਹੀ ਤੇ ਬੁੱਧਵਾਰ ਸ਼ਾਮ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਦਿੱਤਾ ਗਿਆ।