- ਮੇਅਰ ਬੋਲੇ, ਠੇਕਾ ਕੰਪਨੀ ਇਕ ਮਹੀਨੇ 'ਚ ਇਟਲੀ ਤੋਂ ਦਰਾਮਦ ਕਰੇਗੀ ਦੋ ਸਵੀਪਿੰਗ ਮਸ਼ੀਨਾਂ, ਦੂਜੇ ਪਾਰਟ ਦੇ ਵੀ ਟੈਂਡਰ ਜਾਰੀ
- ਕਿਹਾ, ਠੇਕੇ 'ਚ ਕੋਈ ਧਾਂਦਲੀ ਨਹੀਂ, ਦੋ ਮਹੀਨੇ 'ਚ ਸ਼ੁਰੂ ਹੋ ਜਾਵੇਗੀ ਸੜਕਾਂ ਦੀ ਸਫ਼ਾਈ
ਜੇਐੱਨਐੱਨ, ਜਲੰਧਰ : ਸ਼ਹਿਰ 'ਚ ਸੜਕਾਂ ਦੀ ਸਫ਼ਾਈ ਲਈ ਪੰਜ ਸਾਲ 'ਚ 30 ਕਰੋੜ ਦੀ ਲਾਗਤ ਨਾਲ ਸਵੀਪਿੰਗ ਮਸ਼ੀਨ ਦੇ ਠੇਕੇ ਨੂੰ ਲੈ ਕੇ ਵਿਰੋਧੀ ਧਿਰ ਤੋਂ ਲੈ ਕੇ ਸੱਤਾ ਧਿਰ ਦੇ ਕੌਂਸਲਰ ਵਿਰੋਧ ਕਰ ਰਹ ਹਨ। ਤਾਂ ਨਿਗਮ ਯੂਨੀਅਨ ਨੇ ਵੀ ਠੇਕੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੋਈ ਹੈ। ਬਾਵਜੂਦ ਇਸਦੇ ਨਿਗਮ ਨੇ ਇਟਲੀ ਤੋਂ ਮਸ਼ੀਨ ਦੀ ਖ਼ਰੀਦ ਲਈ ਕੰਪਨੀ ਨੂੰ ਆਰਡਰ ਦੇ ਦਿੱਤੇ ਹਨ।
ਮੇਅਰ ਸੁਨੀਲ ਜਯੋਤੀ ਨੇ ਦੱਸਿਆ ਕਿ ਠੇਕਾ ਕੰਪਨੀ ਇਕ ਮਹੀਨੇ ਅੰਦਰ ਦੋ ਸਫ਼ਾਈ ਮਸ਼ੀਨਾ ਦਰਾਮਦ ਕਰ ਲਵੇਗੀ, ਜਿਸ ਦੇ ਲਈ ਨਿਗਮ ਕਾਰਵਾਈ ਪੂਰੀ ਕਰ ਚੁੱਕਿਆ ਹੈ। ਮਸ਼ੀਨ ਤੋਂ ਇਲਾਵਾ ਹੋਰ ਪੁਰਜ਼ੇ ਲਗਾਉਣ ਦੇ ਟੈਂਡਰ ਵੀ ਖੋਲ੍ਹੇ ਜਾ ਚੁੱਕੇ ਹਨ। ਅਜਿਹੇ 'ਚ ਅਗਲੇ ਦੋ ਮਹੀਨਿਆਂ 'ਚ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਕਾਂਗਰਸ ਦੇ ਵਿਰੋਧ ਦੇ ਸਵਾਲ 'ਤੇ ਮੇਅਰ ਨੇ ਕਿਹਾ ਕਿ ਉਹ ਹਕੀਕਤ ਤੋ ਵਾਕਿਫ ਨਹੀਂ ਹਨ। ਜੇਕਰ ਮੋਹਾਲੀ ਤੇ ਲੁਧਿਆਣਾ 'ਚ ਮਸ਼ੀਨ ਨਾਲ ਸਫ਼ਾਈ ਦੇਖਣਗੇ ਤਾਂ ਇਸ ਦਾ ਮਹੱਤਵ ਸਮਝ ਜਾਣਗੇ।
----------
3.25 ਕਰੋੜ ਦੀ ਮਸ਼ੀਨਰੀ ਖ਼ਰੀਦ ਦੇ ਵੀ ਆਰਡਰ
ਮੇਅਰ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਤੇ ਕੂੜੇ ਦੀ ਲਿਫਟਿੰਗ ਲਈ 3.25 ਕਰੋੜ ਦੀ ਲਾਗਤ ਨਾਲ ਮਸ਼ੀਨਰੀ ਖਰੀਦ ਦੇ ਆਰਡਰ ਦੇ ਦਿੱਤੇ ਗਏ ਹਨ। ਇਕ ਮਹੀਨੇ ਅੰਦਰ ਮਸ਼ੀਨਾਂ ਆ ਜਾਣਗੀਆਂ, ਜਿਸ ਦਾ ਭੁਗਤਾਨ ਸਵੱਛ ਭਾਰਤ ਮੁਹਿੰਮ ਤਹਿਤ 3.47 ਕਰੋੜ ਕੀਤਾ ਜਾਵੇਗਾ। ਖਰੀਦੀ ਜਾਣ ਵਾਲੀ ਮਸ਼ੀਨਰੀ 'ਚ ਨੌ ਮਿੰਨੀ ਟਿੱਪਰ, ਦੋ ਟਰੈਕਟਰ ਟਰਾਲੀਆਂ, ਛੇ ਵੱਡੇ ਟਿੱਪਰ, 250 ਰਿਕਸ਼ਾ ਰੇਹੜੀਆਂ, ਇਕ ਹਾਈਡ੍ਰੋਲਿਕ ਪੌੜੀ, ਦੋ ਸੀਵਰੇਜ ਜੇਟਿੰਗ ਮਸ਼ੀਨ, ਤਿੰਨ ਕੰਪੈਕਟਰ, ਤੇ ਛੋਟੇ-ਵੱਡੇ 300 ਕੂੜੇਦਾਨ ਹਨ। ਇਸ ਤੋਂ ਇਲਾਵਾ ਛੇ ਮਿੰਨੀ ਟਿੱਪਰ, ਅੱਠ ਟਰੈਕਟਕ ਟਰਾਲੀ ਤੇ 50 ਰਿਕਸ਼ਾ ਰੇਹੜੀਆਂ ਦੇ ਆਰਡਰ ਦਿੱਤੇ ਗਏ ਹਨ।