21- ਸਿਵਲ ਹਸਪਤਾਲ 'ਚ ਦਾਖ਼ਲ ਇੰਦਰਜੀਤ ਸਿੰਘ।
- ਦੋਵੇਂ ਲੱਤਾਂ ਟੁੱਟੀਆਂ, ਪੁੱਜਾ ਹਸਪਤਾਲ
- ਨੌਜਵਾਨ ਨੇ ਕਿਹਾ, ਲੱਕੀ ਨਾਮ ਦੇ ਵਿਅਕਤੀ ਦੇ ਕਹਿਣ 'ਤੇ ਆਇਆ ਸੀ ਪੈਸੇ ਲੈਣ
ਜੇਐੱਨਐੱਨ, ਜਲੰਧਰ : ਸੈਂਟਰਲ ਟਾਊਨ ਦੇ ਇਕ ਧਾਰਮਿਕ ਸਥਾਨ 'ਤੇ ਆਏ ਨੌਜਵਾਨ ਨੂੰ ਦੇਖ ਕੇ ਉਥੇ ਕੰਮ ਕਰ ਰਹੇ ਸੇਵਾਦਾਰ ਨੇ ਪੁਲਸ ਨੂੰ ਫੋਨ ਕਰ ਦਿੱਤਾ ਕਿ ਇਕ ਨੌਸਰਬਾਜ਼ ਧਾਰਮਿਕ ਸਥਾਨ 'ਤੇ ਆ ਗਿਆ ਹੈ। ਪੁਲਸ ਮੌਕੇ 'ਤੇ ਪੁੱਜੀ ਤਾਂ ਉਕਤ ਨੌਜਵਾਨ ਪੁਲਸ ਨੂੰ ਦੇਖ ਕੇ ਕਿਸੇ ਦੇ ਘਰ ਦੀ ਛੱਤ 'ਤੇ ਚੜ੍ਹ ਗਿਆ ਤੇ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਘਰ ਤੋਂ ਉਸ ਨੇ ਛਾਲ ਮਾਰੀ ਉਹ ਜ਼ਿਲ੍ਹਾ ਸ਼ਹਿਰੀ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਦਾ ਘਰ ਸੀ। ਹੇਠਾਂ ਡਿੱਗਦੇ ਹੀ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਪੁਲਸ ਨੇ ਉਸ ਨੂੰ ਫੜ ਕੇ ਸਿਵਲ ਹਸਪਤਾਲ ਇਲਾਜ਼ ਲਈ ਭੇਜ ਦਿੱਤਾ। ਨੌਜਵਾਨ ਦੀ ਪਹਿਚਾਣ ਮੁੱਲਾਂਪੁਰ ਦਾਖਾਂ ਵਾਸੀ ਇੰਦਰਜੀਤ ਸਿੰਘ ਦੇ ਰੂਪ 'ਚ ਹੋਈ ਹੈ।
ਥਾਣਾ ਚਾਰ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਧਾਰਮਿਕ ਸਥਾਨ ਦੇ ਸੇਵਾਦਾਰ ਨੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ ਸੀ ਕਿ ਕੁਝ ਦਿਨ ਪਹਿਲਾਂ ਇਕ ਨੌਸਰਬਾਜ਼ ਨੇ ਉਸ ਨੂੰ ਸਾਮਾਨ ਵੇਚਣ ਦੇ ਬਹਾਨੇ ਠੱਗ ਲਿਆ ਸੀ। ਉਹੀ ਨੌਜਵਾਨ ਫਿਰ ਤੋਂ ਧਾਰਮਿਕ ਸਥਾਨ 'ਤੇ ਆਇਆ ਹੋਇਆ ਹੈ। ਪੁਲਸ ਮੌਕੇ 'ਤੇ ਪੁੱਜੀ ਤਾਂ ਉਕਤ ਨੌਜਵਾਨ ਉਥੋਂ ਦੌੜ ਗਿਆ। ਇਸ ਦੌਰਾਨ ਉਹ ਧਾਰਮਿਕ ਸਥਾਨ ਦੀ ਛੱਤ 'ਤੇ ਚੜ੍ਹ ਗਿਆ ਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਦੌੜਣ ਲੱਗ ਪਿਆ। ਇਸ ਦੌਰਾਨ ਉਹ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੇਰੀ ਦੇ ਘਰ ਦੀ ਛੱਤ 'ਤੇ ਪੁੱਜ ਗਿਆ ਤੇ ਉਥੋਂ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਹਾਲੇ ਤਕ ਉਨ੍ਹਾਂ ਕੋਲ ਕੋਈ ਲਿਖਤ ਸ਼ਿਕਾਇਤ ਨਹੀਂ ਆਈ ਹੈ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਾਰਵਾਈ ਕਰਨਗੇ।
-------
ਲੱਕੀ ਨੇ ਕਿਹਾ ਸੀ, ਪੈਸੇ ਲੈ ਆਓ
ਸਿਵਲ ਹਸਪਤਾਲ ਦਾਖ਼ਲ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਲੱਕੀ ਨਾਂਅ ਦੇ ਵਿਅਕਤੀ ਨਾਲ ਸੀ। ਲੱਕੀ ਨੇ ਉਸ ਨੂੰ ਕਿਹਾ ਸੀ ਕਿ ਉਹ ਧਾਰਮਿਕ ਸਥਾਨ 'ਤੇ ਜਾਏ ਤੇ ਉਥੋਂ ਪੈਸੇ ਲੈ ਕੇ ਆਏ। ਜਦੋਂ ਉਹ ਧਾਰਮਿਕ ਸਥਾਨ 'ਤੇ ਪੁੱਜਾ ਤਾਂ ਉਥੇ ਮੌਜੂਦ ਇਕ ਸੇਵਾਦਾਰ ਨੇ ਉਸ 'ਤੇ ਝੂਠੇ ਦੋਸ਼ ਲਗਾ ਦਿੱਤੇ। ਪੁਲਸ ਨੂੰ ਦੇਖ ਕੇ ਉਹ ਡਰ ਗਿਆ ਤੇ ਉਥੋਂ ਦੌੜ ਗਿਆ। ਥਾਣਾ ਇੰਚਾਰਜ ਨੇ ਕਿਹਾ ਕਿ ਉਹ ਲੱਕੀ ਬਾਰੇ ਪਤਾ ਲਗਾ ਰਹੇ ਹਨ।
---
ਘਟਨਾ ਵੇਲੇ ਮੈਂ ਘਰ ਨਹੀਂ ਸੀ : ਬੇਰੀ
ਜ਼ਿਲ੍ਹਾ ਸ਼ਹਿਰੀ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਘਟਨਾ ਵੇਲੇ ਉਹ ਘਰ ਨਹੀਂ ਸਨ। ਥਾਣਾ-4 'ਚ ਜਾ ਕੇ ਦੇਖਿਆ ਪਰ ਚਰਚਾ ਸੀ ਕਿ ਉਕਤ ਨੌਜਵਾਨ ਨੇ ਪਹਿਲਾਂ ਵੀ ਸੇਵਾਦਾਰ ਨਾਲ ਠੱਗੀ ਕੀਤੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।