-ਅਧਿਕਾਰੀਆਂ ਵੱਲੋਂ ਸੱਦੇ 10 ਡਿਫਾਲਟਰਾਂ 'ਚੋਂ 2 ਹੀ ਨਿਕਲੇ ਅਸਲੀ ਡਿਫਾਲਟਰ
-8 ਵਿਅਕਤੀਆਂ ਨੇ ਦਿਖਾਈਆਂ ਰਿਕਵਰੀ ਜਮ੍ਹਾਂ ਕਰਾਉਣ ਦੀਆਂ ਰਸੀਦਾਂ
-ਤਹਿਸੀਲ-1 ਨੇ ਕੱਢੇ ਸਨ 58 ਵਿਅਕਤੀਆਂ ਦੇ ਗਿ੍ਰਫ਼ਤਾਰੀ ਵਾਰੰਟ
ਲਖਬੀਰ, ਜਲੰਧਰ
ਰਿਕਵਰੀ ਦੇ ਮੱਦੇਨਜ਼ਰ ਤਹਿਸੀਲ ਜਲੰਧਰ-1 ਦੇ ਅਧਿਕਾਰੀਆਂ ਨੇ 58 ਵਿਅਕਤੀਆਂ ਦੇ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਸਨ, ਜਿਨ੍ਹਾਂ 'ਚੋਂ ਸੋਮਵਾਰ ਨੂੰ 10 ਡਿਫਾਲਟਰਾਂ ਨੇ ਤਹਿਸੀਲ ਜਲੰਧਰ-1 'ਚ ਪਹੁੰਚ ਕੀਤੀ। ਰਿਕਵਰੀ ਲਈ 10 ਡਿਫਾਲਟਰਾਂ 'ਚੋਂ ਸਿਰਫ 2 ਹੀ ਡਿਫਾਲਟਰ ਪਾਏ ਗਏ, ਜਦਕਿ 8 ਡਿਫਾਲਟਰ ਸੂਚੀ 'ਚ ਬਿਨਾਂ ਵਜ੍ਹਾ ਹੀ ਪਾਏ ਗਏ ਸਨ। ਤਹਿਸੀਲ 1 ਦੇ ਅਧਿਕਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ 10 ਵਿਚੋਂ 8 ਡਿਫਾਲਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਰਿਕਵਰੀ ਦੀ ਬਣਦੀ ਰਕਮ ਪਹਿਲਾਂ ਹੀ ਜਮ੍ਹਾਂ ਕਰਵਾ ਚੁੱਕੇ ਹਨ। ਤਹਿਸੀਲ-1 ਦੇ ਅਧਿਕਾਰੀਆਂ ਨੇ ਆਪਣਾ ਬਚਾਅ ਕਰਦਿਆਂ ਰਿਕਾਰਡ ਫਰੋਲਣਾ ਸ਼ੁਰੂ ਕਰ ਦਿੱਤਾ। ਵਰਨਣਯੋਗ ਹੈ ਕਿ ਕਰੀਬ ਸਵਾ ਦੋ ਕਰੋੜ ਰੁਪਏ ਦੀ ਰਿਕਵਰੀ ਤਹਿਸੀਲ-1 'ਚ ਹੋਣੀ ਸੀ। ਸੋਮਵਾਰ ਨੂੰ ਇਸ ਵਿਚੋਂ 2 ਵਿਅਕਤੀਆਂ ਨੇ 58,203 ਰੁਪਏ ਜਮ੍ਹਾਂ ਕਰਵਾ ਦਿੱਤੇ, ਜਦਕਿ 8 ਡਿਫਾਲਟਰਾਂ ਨੇ ਪੈਸੇ ਜਮ੍ਹਾਂ ਕਰਵਾਉਣ ਦੀਆਂ ਰਸੀਦਾਂ ਦਿਖਾਈਆਂ, ਜਿਸ ਤੋਂ ਬਾਅਦ ਉਕਤ 8 ਵਿਅਕਤੀਆਂ ਨੂੰ ਡਿਫਾਲਟਰ ਲਿਸਟ 'ਚੋਂ ਬਾਹਰ ਕੱਢ ਦਿੱਤਾ ਗਿਆ। ਸੋਮਵਾਰ ਨੂੰ ਅਸ਼ਟਾਮ ਫੀਸ ਜਮ੍ਹਾਂ ਕਰਵਾਉਂਦਿਆਂ ਇਕ ਵਿਅਕਤੀ ਨੇ 52307 ਅਤੇ ਦੂਜੇ ਨੇ 5896 ਰੁਪਏ ਜਮ੍ਹਾਂ ਕਰਵਾਏ। ਮੌਜੂਦਾ ਸਮੇਂ ਦੌਰਾਨ 48 ਵਿਅਕਤੀਆਂ ਦਾ ਨਾਂ ਡਿਫਾਲਟਰ ਸੂਚੀ 'ਚ ਰਹਿ ਗਿਆ ਹੈ। ਇਨ੍ਹਾਂ ਲੋਕਾਂ ਦੇ ਵੀ ਗਿ੍ਰਫ਼ਤਾਰੀ ਵਾਰੰਟ ਜਾਰੀ ਹੋ ਚੁੱਕੀ ਹੈ। ਬੀਤੇ ਹਫਤੇ ਸਬ ਰਜਿਸਟਰਾਰ-1 ਨੇ 58 ਡਿਫਾਲਟਰਾਂ ਦੇ ਦੁਬਾਰਾ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਇਨ੍ਹਾਂ ਲੋਕਾਂ ਨੂੰ ਆਖਰੀ ਚਿਤਾਵਨੀ ਦੇ ਕੇ ਅਸ਼ਟਾਮ ਡਿਊਟੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਇਕ ਹਫ਼ਤਾ ਬੀਤਣ ਤੋਂ ਬਾਅਦ ਅਜੇ ਤਕ ਕਿਸੇ ਦੀ ਗਿ੍ਰਫ਼ਤਾਰੀ ਤਾਂ ਨਹੀਂ ਕੀਤੀ ਗਈ ਪਰ ਸਖ਼ਤੀ ਕਰਦਿਆਂ ਕੁਝ ਰਕਮ ਜ਼ਰੂਰ ਖਾਤੇ 'ਚ ਜਮ੍ਹਾਂ ਹੋ ਸਕੀ ਹੈ। ਤਹਿਸੀਲ ਜਲੰਧਰ-1 ਦੇ ਅਧਿਕਾਰੀਆਂ ਵੱਲੋਂ ਬਿਨਾਂ ਵਜ੍ਹਾ 8 ਵਿਅਕਤੀਆਂ ਨੂੰ ਡਿਫਾਲਟਰ ਸੂਚੀ 'ਚ ਪਾਉਣ ਕਾਰਨ ਕਾਰਗੁਜ਼ਾਰੀ 'ਤੇ ਪ੍ਰਸ਼ਨ ਜ਼ਰੂਰ ਲੱਗਾ ਹੈ।