ਵੇਲੇਂਸੀਆ (ਪੀਟੀਆਈ) : ਜਰਮਨੀ ਖ਼ਿਲਾਫ਼ ਪਹਿਲੇ ਮੈਚ ਦੀ ਹਾਰ ਤੋਂ ਬਾਅਦ ਭਾਰਤ ਨੇ ਛੇ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਇੱਥੇ ਸ਼ੁਰੂ ਵਿਚ ਪੱਛੜਣ ਤੋਂ ਬਾਅਦ ਵਾਪਸੀ ਕਰ ਕੇ ਆਇਰਲੈਂਡ ਨੂੰ 2-1 ਨਾਲ ਹਰਾਇਆ। ਇਹ ਭਾਰਤ ਦੀ ਟੂਰਨਾਮੈਂਟ ਵਿਚ ਪਹਿਲੀ ਜਿੱਤ ਹੈ। ਉਹ ਸ਼ੁਰੂਆਤੀ ਮੈਚ ਵਿਚ ਜਰਮਨੀ ਤੋਂ 0-4 ਨਾਲ ਹਾਰ ਗਿਆ ਸੀ। ਦੋਵਾਂ ਟੀਮਾਂ ਨੇ ਚੌਕਸ ਸ਼ੁਰੂਆਤ ਕੀਤੀ ਪਰ ਆਇਰਲੈਂਡ ਨੇ ਚੌਥੇ ਮਿੰਟ ਵਿਚ ਹੀ ਕਾਈ ਗੁਡਜ਼ ਦੇ ਗੋਲ ਨਾਲ ਲੀਡ ਬਣਾ ਲਈ। ਭਾਰਤ ਨੇ ਇਸ ਤੋਂ ਬਾਅਦ ਵਾਪਸੀ ਲਈ ਚੰਗੀ ਕੋਸ਼ਿਸ਼ ਕੀਤੀ। ਉਸ ਨੂੰ 19ਵੇਂ ਮਿੰਟ ਵਿਚ ਪਹਿਲਾ ਪੈਨਲਟੀ ਕਾਰਨਰ ਮਿਲਿਆ। ਰੁਪਿੰਦਰ ਪਾਲ ਸਿੰਘ ਦਾ ਫਲਿੱਕ ਆਇਰਲੈਂਡ ਦੇ ਗੋਲਕੀਪਰ ਡੇਵਿਡ ਹਾਰਟ ਨੇ ਰੋਕ ਦਿੱਤਾ ਪਰ ਤਲਵਿੰਦਰ ਸਿੰਘ ਨੇ ਰਿਬਾਊਂਡ 'ਤੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਭਾਰਤ ਨੇ ਹਮਲਾਵਰ ਰਵੱਈਆ ਅਪਣਾਇਆ ਪਰ ਅੱਧੇ ਸਮੇਂ ਤਕ ਸਕੋਰ 1-1 ਨਾਲ ਬਰਾਬਰ ਸੀ।
ਭਾਰਤ ਨੇ ਤੀਜੇ ਕੁਆਰਟਰ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਕਪਤਾਨ ਸਰਦਾਰ ਸਿੰਘ ਨੇ 32ਵੇਂ ਮਿੰਟ ਵਿਚ ਵੀਆਰ ਰਘੁਨਾਥ, ਬੀਰੇਂਦਰ ਲਕੜਾ ਅਤੇ ਸੁਰੇਂਦਰ ਕੁਮਾਰ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਨਾਲ ਗੋਲ ਕਰ ਕੇ ਟੀਮ ਨੂੰ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਵੀ ਭਾਰਤ ਨੂੰ ਕਈ ਮੌਕੇ ਮਿਲੇ ਪਰ ਉਹ ਉਨ੍ਹਾਂ ਦਾ ਫਾਇਦਾ ਨਾ ਉਠਾ ਸਕਿਆ।