ਜਾਗਰਣ ਬਿਊਰੋ, ਨਵੀਂ ਦਿੱਲੀ : ਕਸ਼ਮੀਰ 'ਚ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਅਤੇ ਵੱਖਵਾਦ ਖ਼ਿਲਾਫ਼ ਪੂਰੀ ਸੰਸਦ ਸੋਮਵਾਰ ਨੂੰ ਇਕਜੁੱਟ ਦਿਸੀ। ਰਾਜ ਸਭਾ 'ਚ ਚਰਚਾ ਦੌਰਾਨ ਸਾਰੀਆਂ ਪਾਰਟੀਆਂ ਅੱਤਵਾਦ ਤੇ ਵੱਖਵਾਦ ਖ਼ਿਲਾਫ਼ ਸਖ਼ਤੀ ਨਾਲ ਨਜਿੱਠਣ ਦੇ ਮੁੱਦੇ 'ਤੇ ਸਹਿਮਤ ਸਨ। ਉਂਝ, ਕੁਝ ਪਾਰਟੀਆਂ ਨੇ ਤਾਜ਼ਾ ਹਾਲਾਤ ਨਾਲ ਨਜਿੱਠਣ ਦੇ ਤਰੀਕੇ 'ਤੇ ਸਵਾਲ ਚੁੱਕਿਆ ਅਤੇ ਸੁਰੱਖਿਆ ਬਲਾਂ ਵੱਲੋਂ ਜ਼ਰੂਰਤ ਤੋਂ ਜ਼ਿਆਦਾ ਤਾਕਤ ਦੀ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਾਦੀ 'ਚ ਆਮ ਜਨਤਾ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਤਾਜ਼ਾ ਹਾਲਾਤ 'ਪਾਕਿ ਦੀ ਨਾਪਾਕ ਸਾਜ਼ਿਸ਼' ਦਾ ਹੀ ਨਤੀਜਾ ਹਨ।
ਵਿਰੋਧੀ ਪਾਰਟੀਆਂ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਸਰਕਾਰ ਵੱਲੋਂ ਦਿੱਤੀ ਗਈ ਸਫ਼ਾਈ 'ਚ ਕਸ਼ਮੀਰ ਵਿਚ ਤਾਜ਼ਾ ਹਾਲਾਤ ਨਾਲ ਨਜਿੱਠਣ ਦੀ ਰਣਨੀਤੀ ਦੇ ਸੰਕੇਤ ਮਿਲੇ। ਵਿੱਤ ਮੰਤਰੀ ਅਰੁਣ ਜੇਤਲੀ ਅਤੇ ਬਾਅਦ ਵਿਚ ਰਾਜਨਾਥ ਸਿੰਘ ਨੇ ਆਮ ਜਨਤਾ ਨਾਲ ਗੱਲਬਾਤ ਦੀ ਨਵੀਂ ਸ਼ੁਰੂਆਤ ਕਰਨ ਦਾ ਭਰੋਸਾ ਦਿੱਤਾ। ਰਾਜਨਾਥ ਨੇ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ 'ਚ ਝਾੜਾਂ ਪਾਈਆਂ। ਉਨ੍ਹਾਂ ਕਿਹਾ ਕਿ ਇਸ ਦਾ ਨਾਂ ਭਲੇ ਹੀ ਪਾਕਿਸਤਾਨ ਹੈ, ਪਰ ਇਸ ਦੀਆਂ ਸਾਰੀਆਂ ਹਰਕਤਾਂ ਨਾਪਾਕ ਹਨ। ਕਸ਼ਮੀਰ ਦੇ ਤਾਜ਼ਾ ਹਾਲਾਤ ਪਾਕਿਸਤਾਨ ਦੀਆਂ ਇਨ੍ਹਾਂ ਹੀ ਨਾਪਾਕ ਹਰਕਤਾਂ ਦੀ ਦੇਣ ਹੈ। ਰਾਜਨਾਥ ਨੇ ਭਰੋਸਾ ਦਿੱਤਾ ਕਿ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ 'ਛਰ੍ਹੇ ਵਾਲੀਆਂ ਗੋਲੀਆਂ' ਦੀ ਬਜਾਏ ਭਵਿੱਖ ਵਿਚ ਵਾਟਰ ਕੈਨਨ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਤ ਆਮ ਵਰਗੇ ਹੋਣ ਤੋਂ ਬਾਅਦ ਉਹ ਛੇਤੀ ਹੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਗੱਲ ਕਰਕੇ ਆਮ ਜਨਤਾ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਪਰ ਇਸ ਗੱਲਬਾਤ 'ਚ ਹੁਰੀਅਤ ਵਰਗੇ ਵੱਖਵਾਦੀ ਸੰਗਠਨਾਂ ਦੀ ਕੋਈ ਥਾਂ ਨਹੀਂ ਹੋਵੇਗੀ।
ਹੁਰੀਅਤ ਦਾ ਜ਼ਿਕਰ ਤਕ ਨਹੀਂ
ਚਰਚਾ ਦੌਰਾਨ ਸਾਰੀਆਂ ਪਾਰਟੀਆਂ ਨੇ ਇਕ ਸੁਰ 'ਚ ਕਸ਼ਮੀਰ 'ਚ ਪਾਕਿਸਤਾਨੀ ਦਖ਼ਲ ਦੀ ਨਿਖੇਧੀ ਕੀਤੀ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਸਾਰੀਆਂ ਪਾਰਟੀਆਂ ਨੇ ਇਕ ਸੁਰ ਵਿਚ ਵੱਖਵਾਦੀ ਹੁਰੀਅਤ ਕਾਨਫਰੰਸ ਨੂੰ ਪਾਰਟੀ ਮੰਨਣ ਤੋਂ ਇਨਕਾਰ ਕਰ ਦਿੱਤਾ। ਚਰਚਾ ਦੌਰਾਨ ਕਿਸੇ ਨੇ ਉਸ ਦਾ ਜ਼ਿਕਰ ਤਕ ਨਹੀਂ ਕੀਤਾ।
ਅੱਤਵਾਦ ਨਾਲ ਲੜਾਈ 'ਚ ਨਾਲ
ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਨੇ ਸੁਰੱਖਿਆ ਬਲਾਂ ਵੱਲੋਂ ਜ਼ਿਆਦਾ ਤਾਕਤ ਦੀ ਵਰਤੋਂ 'ਤੇ ਚੌਕਸ ਕੀਤਾ ਅਤੇ ਕਿਹਾ ਕਿ ਇਸ ਨਾਲ ਵੱਖਵਾਦ ਦੀ ਭਾਵਨਾ ਨੂੰ ਹਵਾ ਮਿਲੇਗੀ। ਪਰ ਉਨ੍ਹਾਂ ਅੱਤਵਾਦ ਤੇ ਵੱਖਵਾਦ ਖ਼ਿਲਾਫ਼ ਲੜਾਈ ਵਿਚ ਸਰਕਾਰ ਨੂੰ ਪੂਰਾ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਆਜ਼ਾਦ ਨੇ ਪਾਕਿਸਤਾਨ ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਮਾੜੀਆਂ ਹਰਕਤਾਂ ਕਾਰਨ ਭਾਰਤ 'ਚ ਵੀ ਕੁਝ ਲੋਕ ਘੱਟ ਗਿਣਤੀ ਭਾਈਚਾਰੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਦੇ ਹਨ। ਅੱਤਵਾਦੀ ਬੁਰਹਾਨ ਵਾਨੀ ਦੀ ਮੌਤ 'ਤੇ ਕਾਲਾ ਦਿਵਸ ਮਨਾਉਣ 'ਤੇ ਪਾਕਿਸਤਾਨ 'ਤੇ ਵਿਅੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਵੇਂ ਸਰਹੱਦ ਦੇ ਪਾਰ ਦੇ ਹਾਲਾਤ ਹਨ, ਉਥੇ ਰੋਜ਼ ਕਾਲਾ ਦਿਵਸ ਮਨਾਇਆ ਜਾਵੇ ਤਾਂ ਵੀ ਘੱਟ ਹੈ।ਮਾਕਪਾ ਵੱਲੋਂ ਸੀਤਾਰਾਮ ਯੇਚੁਰੀ ਅਤੇ ਸਮਾਜਵਾਦੀ ਪਾਰਟੀ ਵੱਲੋਂ ਨਰੇਸ਼ ਅਗਰਵਾਲ ਨੇ ਵੀ ਅੱਤਵਾਦ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹਮਾਇਤ ਕੀਤੀ।