ਧੀਮਾਨ, ਮੋਰਿੰਡਾ : ਟਰੱਕ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਜਗਰਾਜ ਸਿੰਘ ਮਾਨਖੇੜੀ ਦੀ ਅਗਵਾਈ ਵਿਚ ਟਰੱਕ ਚਾਲਕਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਚਮਕੌਰ ਸਾਹਿਬ ਚੌਕ ਵਿਚ ਦੋ ਘੰਟੇ ਤੱਕ ਸੜਕ ਜਾਮ ਲਗਾਇਆ। ਉਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਪੰਜਾਬ ਐਗਰੋ ਵੱਲ ਕਣਕ ਦੀ ਢੁਆਈ ਦੀ ਬਕਾਇਆ ਰਿੰਹਦੀ 15 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ। ਇਸ ਮੌਕੇ 'ਤੇ ਸੰਬੋੋਧਨ ਕਰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਜਗਰਾਜ ਸਿੰਘ ਮਾਨਖੇੜੀ ਨੇ ਦੋਸ਼ ਲਗਾਏ ਕਿ ਪੰਜਾਬ ਐਗਰੋ ਵੱਲੋਂ ਉਨ੍ਹਾਂ ਦੀ ਢੁਆਈ ਦੇ ਬਕਾਇਆ ਰਹਿੰਦੇ ਲਗਭਗ 15 ਲੱਖ ਰੁਪਏ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਇਹ ਪੇਮੈਂਟ ਤਾਂ ਐੱਫਸੀਆਈ ਨੇ ਕਰਨੀ ਹੈ ਜਦਕਿ ਟਰੱਕ ਯੂਨੀਅਨ ਵੱਲੋਂ ਜਿਣਸ ਦੀ ਢੁਆਈ ਪੰਜਾਬ ਐਗਰੋ ਦੀ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਐਗਰੋ ਦੇ ਇੰਸਪੈਕਟਰ ਵੱਲੋਂ ਉਨ੍ਹਾਂ ਦੇ ਬਿੱਲ ਗਲਤ ਬਣਾ ਦਿੱਤੇ ਗਏ ਜਿਸ ਕਾਰਣ ਸਮੱਸਿਆ ਹੋਰ ਵੱਧ ਗਈ। ਜਗਰਾਜ ਸਿੰਘ ਮਾਨਖੇੜੀ ਨੇ ਦੱਸਿਆ ਕਿ ਆਖਿਰ ਜ਼ਿਲ੍ਹਾ ਮੈਨੇਜਰ ਪੰਜਾਬ ਐਗਰੋ ਸ. ਜਗਦੀਸ਼ ਸਿੰਘ ਵੱਲੋਂ ਪੇਮੈਂਟ ਜਲਦੀ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਦ ਹੀ ਜਾਮ ਖੋਲਿ੍ਹਆ ਗਿਆ। ਉੱਧਰ ਜਦੋਂ ਪੰਜਾਬ ਐਗਰੋ ਦੇ ਇੰਸਪੈਕਟਰ ਵਿਪਿਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਰ ਬਾਰ ਫੋਨ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।
26 ਰੋਪੜ 02—— ਮੋਰਿੰਡਾ ਟਰੱਕ ਯੂਨੀਅਨ ਵੱਲੋਂ ਸਥਾਨਕ ਚਮਕੌਰ ਸਾਹਿਬ ਚੌਕ ਵਿਚ ਲਗਾਏ ਗਏ ਸੜ੍ਹਕ ਜਾਮ ਸਮੇਂ ਅਗਵਾਈ ਕਰਦੇ ਹੋਏ ਯੂਨੀਅਨ ਪ੍ਰਧਾਨ ਜਗਰਾਜ ਸਿੰਘ ਮਾਨਖੇੜੀ। ਪੰਜਾਬੀ ਜਾਗਰਣ