- ਹੁੱਡਾ, ਕਮਲਨਾਥ ਅਤੇ ਕੁਲਦੀਪ ਸ਼ਰਮਾ 'ਤੇ ਕੱਢੀ ਭੜਾਸ
- ਕਿਹਾ, ਮੇਰੇ 'ਤੇ ਕਾਰਵਾਈ ਤਾਂ ਕੁਲਦੀਪ ਸ਼ਰਮਾ 'ਤੇ ਕਿਉਂ ਨਹੀਂ ਹੋਈ
ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ ਦੇ ਦਿੱਗਜ਼ ਕਾਂਗਰਸੀ ਨੇਤਾ ਸਾਬਕਾ ਮੰਤਰੀ ਕੈਪਟਨ ਅਜੇ ਯਾਦਵ ਨੇ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਪਾਰਟੀ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜਣ ਤੋਂ ਬਾਅਦ ਕੈਪਟਨ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪਾਰਟੀ ਦੇ ਨਵੇਂ ਇੰਚਾਰਜ ਕਮਲਨਾਥ ਦੇ ਨਾਲ-ਨਾਲ ਸਾਬਕਾ ਸਪੀਕਰ ਕੁਲਦੀਪ ਸ਼ਰਮਾ 'ਤੇ ਜੰਮ ਕੇ ਭੜਾਸ ਕੱਢੀ।
ਉੱਥੇ ਹੁੱਡਾ ਅਤੇ ਉਨ੍ਹਾਂ ਦੇ ਸਮੱਰਥਕਾਂ ਨੂੰ ਹੱਦ 'ਚ ਰੱਖਣ ਦਾ ਕਦਮ ਉਠਾਉਣ ਦੇ ਭਰੋਸੇ 'ਤੇ ਕੈਪਟਨ ਨੇ ਫ਼ੈਸਲਾ ਬਦਲਣ ਦੀ ਗੁੰਜਾਇਸ਼ ਬਾਕੀ ਰੱਖਣ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨਾਲ ਉਨ੍ਹਾਂ ਦਾ ਪੁਰਾਣਾ ਪਰਿਵਾਰਕ ਨਾਤਾ ਰਿਹਾ ਹੈ। ਉਹ ਸੋਨੀਆ ਗਾਂਧੀ ਨੂੰ ਮਾਂ ਬਰਾਬਰ ਵੱਡੀ ਭਾਬੀ ਮੰਨਦੇ ਹਨ। ਇਸ ਲਈ ਜੇਕਰ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਚਰਚਾ ਲਈ ਬੁਲਾਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਮਿਲਣ ਜ਼ਰੂਰ ਜਾਣਗੇ।
ਦਿੱਲੀ ਵਿਚ ਪਾਰਟੀ ਪ੍ਰਧਾਨ ਨੂੰ ਅਸਤੀਫਾ ਭੇਜਣ ਤੋਂ ਬਾਅਦ ਕੈਪਟਨ ਅਜੇ ਯਾਦਵ ਨੇ ਕਿਹਾ ਕਿ 1952 ਤੋਂ ਮੇਰਾ ਪਰਿਵਾਰ ਕਾਂਗਰਸ ਨਾਲ ਜੁੜਿਆ ਹੋਇਆ ਹੈ। ਮੈਂ ਖੁਦ 28 ਸਾਲ ਤਕ ਕਾਂਗਰਸ ਦੀ ਸੇਵਾ ਕੀਤੀ। ਕਾਂਗਰਸ ਨੂੰ ਸਭ ਕੁਝ ਦਿੱਤਾ। ਬਦਲੇ ਵਿਚ ਮੈਨੂੰ ਕੀ ਮਿਲਿਆ। ਪਾਰਟੀ ਦੇ ਕੁਝ ਲੋਕਾਂ ਨੇ ਮੈਨੂੰ ਟਾਪ ਦਸ ਨੇਤਾਵਾਂ ਵਿਚ ਵੀ ਨਹੀਂ ਗਿਣਿਆ।
ਕੈਪਟਨ ਯਾਦਵ ਨੇ ਕਿਹਾ ਕਿ ਵੱਡੇ ਨੇਤਾ ਕਹਿ ਰਹੇ ਹਨ ਕਿ ਮੈਂ ਭਾਜਪਾ ਦੀ ਮਦਦ ਕਰ ਰਿਹਾ ਹਾਂ। ਮਦਦ ਕੌਣ ਕਰ ਰਿਹਾ ਹੈ, ਇਹ ਸਭ ਜਾਣਦੇ ਹਨ। ਕਾਂਗਰਸੀ ਇੰਚਾਰਜ ਕਮਲਨਾਥ ਨਾਲ ਮੈਨੂੰ ਇਕ ਸ਼ਿਕਾਇਤ ਹੈ, ਜੇਕਰ ਮੈਨੂੰ ਅਨੁਸ਼ਾਸਨਹੀਣਤਾ ਕੀਤੀ ਹੈ, ਤਾਂ ਕੁਲਦੀਪ ਸ਼ਰਮਾ ਨੇ ਵੀ ਕੀਤੀ। ਮੇਰੇ 'ਤੇ ਕਾਰਵਾਈ ਹੋ ਸਕਦੀ ਹੈ ਤਾਂ ਕੁਲਦੀਪ ਸ਼ਰਮਾ 'ਤੇ ਕਿਉਂ ਨਹੀਂ। ਇੰਚਾਰਜ ਨੇ ਗੱਲਬਾਤ ਲਈ ਜਿਸ 10 ਮੈਂਬਰੀ ਕਮੇਟੀ ਨੂੰ ਦਿੱਲੀ ਬੁਲਾਇਆ ਸੀ, ਉਸ ਵਿਚ ਪਹਿਲਾਂ ਤਾਂ ਮੈਨੂੰ ਰੱਖਿਆ ਅਤੇ ਫਿਰ ਹਟਾਇਆ ਕਿਉਂ।