- 28 ਜੁਲਾਈ ਨੂੰ ਨਕੋਦਰ ਦੇ ਸੰਗੋਵਾਲ ਪਿੰਡ 'ਚ ਹੋਈ ਸੀ ਜਸਵਿੰਦਰ ਸਿੰਘ ਦੀ ਹੱਤਿਆ
- ਗੱਲਬਾਤ ਬੰਦ ਹੋਣ 'ਤੇ ਆਸ਼ਿਕ ਨੇ ਕੀਤੀ ਸੀ ਹੱਤਿਆ
ਜੇਐੱਨਐੱਨ, ਜਲੰਧਰ : ਪਿੰਡ ਸੰਗੋਵਾਲ 'ਚ ਬੀਤੀ 28 ਜੁਲਾਈ ਨੂੰ ਜਸਵਿੰਦਰ ਕੌਰ ਕਤਲ ਕਾਂਡ ਨੂੰ ਬਿਲਗਾ ਪੁਲਸ ਨੇ ਐਤਵਾਰ ਨੂੰ ਹੱਲ ਕਰ ਦਿੱਤਾ ਹੈ। ਹੱਤਿਆ ਗੁਆਂਢ 'ਚ ਰਹਿਣ ਵਾਲੇ ਪ੍ਰੇਮੀ ਨੇ ਹੀ ਕੀਤਾ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਨੌਜਵਾਨ ਦੇ ਜਸਵਿੰਦਰ ਨਾਲ ਸੰਬੰਧ ਸਨ। ਕੁਝ ਦਿਨਾਂ ਤੋਂ ਜਸਵਿੰਦਰ ਨੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। 28 ਜੁਲਾਈ ਨੂੰ ਕਥਿਤ ਦੋਸ਼ੀ ਉਸ ਦੇ ਘਰ ਦਾਖ਼ਲ ਹੋਇਆ ਤੇ ਜਸਵਿੰਦਰ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਪਰ ਜਸਵਿੰਦਰ ਦੇ ਮਨ੍ਹਾਂ ਕਰਨ 'ਤੇ ਉਸ ਨੇ ਚੁੰਨੀ ਨਾਲ ਉਸ ਦਾ ਗਲ਼ਾ ਘੁੱਟ ਦਿੱਤਾ।
ਡੀਐੱਸਪੀ ਨਕੋਦਰ ਜਸਵਿੰਦਰ ਸਿੰਘ ਤੇ ਥਾਣਾ ਬਿਲਗਾ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਦੋਸ਼ੀ ਸੰਗੋਵਾਲ 'ਚ ਜਸਵਿੰਦਰ ਦੇ ਗੁਆਂਢ 'ਚ ਰਹਿਣ ਵਾਲਾ ਕਬੱਡੀ ਖਿਡਾਰੀ ਬਿੱਕਰ ਸਿੰਘ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੰਗੋਵਾਲ ਪਿੰਡ ਵਾਸੀ ਰਾਜ ਮਿਸਤਰੀ ਸੁਖਦੇਵ ਸਿੰਘ ਉਰਫ ਸਾਬੀ ਦੀ ਪਤਨੀ ਜਸਵਿੰਦਰ ਕੌਰ ਦੇ ਬਿੱਕਰ ਸਿੰਘ ਨਾਲ ਸ਼ਰੀਰਕ ਸੰਬੰਧ ਸਨ। ਦੋ ਹਫ਼ਤੇ ਪਹਿਲਾਂ ਸੁਖਦੇਵ ਸਿੰਘ ਬਲਾਚੌਰ ਸਥਿਤ ਸਹੁਰਿਆਂ ਦੇ ਘਰ ਨਿਰਮਾਣ ਦਾ ਕੰਮ ਕਰਨ ਗਿਆ ਹੋਇਆ ਸੀ। 28 ਜੁਲਾਈ ਨੂੰ ਦੁਪਹਿਰ 12.30 ਵਜੇ ਬਿੱਕਰ ਸਿੰਘ ਨੇ ਜਸਵਿੰਦਰ ਦਾ ਗਲ਼ਾ ਘੋਟ ਦਿੱਤਾ। ਸਕੂਲ ਤੋਂ ਪਰਤੇ ਜਸਵਿੰਦਰ ਦੇ ਬੱਚਿਆਂ ਨੇ ਲਾਸ਼ ਦੇਖ ਕੇ ਗੁਆਂਢੀਆਂ ਨੂੰ ਬੁਲਾਇਆ। ਪੁਲਸ ਦੇ ਸਾਹਮਣੇ ਹੀ ਸੁਖਦੇਵ ਨੇ ਬਿੱਕਰ 'ਤੇ ਸ਼ੱਕ ਜਾਹਰ ਕੀਤਾ ਸੀ। ਉਧਰ ਵਾਰਦਾਤ ਤੋਂ ਬਾਅਦ ਬਿੱਕਰ ਵੀ ਫ਼ਰਾਰ ਸੀ। ਐਤਵਾਰ ਪੁਲਸ ਨੂੰ ਜਾਣਕਾਰੀ ਮਿਲੀ ਕਿ ਬਿੱਕਰ ਤਲਵਣ ਬੱਸ ਅੱਡੇ ਤੋਂ ਫਿਲੌਰ ਦੌੜਣ ਦੀ ਤਿਆਰੀ 'ਚ ਹੈ। ਪੁਲਸ ਨੇ ਘੇਰਾ ਪਾ ਕੇ ਉਸ ਗਿ੍ਰਫ਼ਤਾਰ ਕਰ ਲਿਆ।
ਬਿੱਕਰ ਨੇ ਪੁਲਸ ਨੂੰ ਦੱਸਿਆ ਕਿ ਦੋਵਾਂ ਵਿਚਕਾਰ ਢਾਈ ਸਾਲਾਂ ਤੋਂ ਸੰਬੰਧ ਸਨ। ਇਕ ਮਹੀਨੇ ਪਹਿਲਾਂ ਦੋਵਾਂ 'ਚ ਹੋਏ ਝਗੜੇ ਤੋਂ ਬਾਅਦ ਜਸਵਿੰਦਰ ਉਸ ਨਾਲ ਗੱਲ ਨਹੀਂ ਸੀ ਕਰ ਰਹੀ। 28 ਜੁਲਾਈ ਨੂੰ ਘਰ 'ਚੋਂ ਕੋਈ ਨਾ ਹੋਣ ਕਾਰਨ ਬਿੱਕਰ ਉਸ ਦੇ ਘਰ ਪੁੱਜਾ ਤੇ ਗੱਲਬਾਤ ਕਰਨ ਦਾ ਯਤਨ ਕੀਤਾ। ਪਰ ਜਸਵਿੰਦਰ ਨੇ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਬਿੱਕਰ ਨੇ ਉਸ ਦੀ ਹੀ ਚੁੰਨੀ ਨਾਲ ਉਸ ਦਾ ਗਲ਼ਾ ਘੁੱਟ ਦਿੱਤਾ। ਸੋਮਵਾਰ ਨੂੰ ਉਸ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।