ਜੇਐੱਨਐੱਨ, ਜਲੰਧਰ : ਸੇਲ ਟੈਕਸ ਤੇ ਐਕਸਾਈਜ ਵਿਭਾਗ ਦੀ ਟੀਮ ਨੇ ਬਿਨਾਂ ਬਿਲ ਦੇ ਦਿੱਲੀ ਜਾ ਰਹੇ ਸੋਨੇ ਤੇ ਡਾਇਮੰਡ ਦੇ ਗਹਿਣੇ ਫੜੇ। ਇਸ ਸਬੰਧੀ ਜਾਣਕਾਰੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਐੱਚਪੀਐੱਸ ਗੋਤਰਾ ਨੇ ਵੀਰਵਾਰ ਨੂੰ ਪੱਤਰਕਾਰਾਂ ਦਿੱਤੀ। ਉਨ੍ਹਾਂ ਦੱਸਿਆ ਕਿ ਏਈਟੀਸੀ ਮੋਬਾਈਲ ਵਿੰਗ ਦੇ ਏਈਟੀਸੀ ਸੁਖਵਿੰਦਰ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜੀਰਖਪੁਰ ਵਿਖੇ ਨਾਕੇਬੰਦੀ ਲਗਾਈ ਹੋਈ ਸੀ। ਇਸ ਦੌਰਾਨ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਰਾਜਸਥਾਨ ਰੋਡਵੇਜ ਦੀ ਬੱਸ ਨੰਬਰ ਆਰਜੇ 05 ਪੀਏ 2603 ਨੂੰ ਰੋਕ ਕੇ ਚੈਕਿੰਗ ਕੀਤੀ। ਇਸ ਦੌਰਾਨ ਬੱਸ ਵਿਚ ਜੀਰਖਪੁਰ ਤੋਂ ਰਾਕੇਸ਼ ਕੁਮਾਰ ਤੋਂ ਬਿਨਾਂ ਬਿੱਲ ਦੇ ਸੋਨੇ ਤੇ ਡਾਇਮੰਡ ਦੇ ਗਹਿਣੇ ਬਰਾਮਦ ਕੀਤੇ। ਫੜੇ ਗਏ ਗਹਿਣਿਆਂ ਦੀ ਕੀਮਤ 71.96 ਲੱਖ ਰੁਪਏ ਦੇ ਲੱਗਪਗ ਹੈ। ਵਿਭਾਗ ਵੱਲੋਂ ਫੜੇ ਗਏ ਗਹਿਣਿਆਂ 'ਤੇ 36.5 ਲੱਖ ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਵਿਭਾਗ ਨੇ ਫੜੇ ਗਏ ਗਹਿਣਿਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਰਾਕੇਸ਼ ਕੁਮਾਰ ਕਿਸੇ ਆਦਮੀ ਦੇ ਗਹਿਣੇ ਲੈ ਕੇ ਜਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗਹਿਣੇ ਫੜਨ ਵਾਲੀ ਟੀਮ ਵਿਚ ਈਟੀਓ ਪਵਨ ਕੁਮਾਰ, ਅਜੈ ਸ਼ਰਮਾ ਤੇ ਮਨਮੋਹਨ ਕੁਮਾਰ ਤੇ ਟੀਮ ਦੇ ਹੋਰ ਮੈਂਬਰ ਸ਼ਾਮਲ ਸਨ।
↧