ਸਟਾਫ ਰਿਪੋਰਟਰ, ਕਪੂਰਥਲਾ : ਸਥਾਨਕ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਆਰਸੀਐੱਫ ਨੇੜੇ ਸੜਕ ਕੰਢੇ ਸੁੱਤੇ ਪਏ ਝੁੱਗੀ ਝੌਂਪੜੀ ਵਾਲਿਆਂ 'ਤੇ ਇਕ ਬੇਕਾਬੂ ਟਰੱਕ ਜਾ ਚੜਿ੍ਹਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਇਕ ਵਿਅਕਤੀ ਹਾਦਸਾਗ੍ਰਸਤ ਟਰੱਕ ਹੇਠੋਂ ਜ਼ਖ਼ਮੀਆਂ ਨੂੰ ਕੱਢਦਿਆਂ ਖ਼ੁਦ ਵੀ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਨੂੰ ਸਵੇਰੇ ਕਰੀਬ 5 ਵਜੇ ਰੇਲ ਕੋਚ ਫੈਕਟਰੀ ਦੇ ਨੇੜੇ ਸੁਲਤਾਨਪੁਰ ਲੋਧੀ ਮਾਰਗ 'ਤੇ ਝੁੱਗੀ ਝੌਂਪੜੀ ਵਾਲਿਆਂ 'ਤੇ ਅਚਾਨਕ ਇਕ ਬੇਕਾਬੂ ਟਰੱਕ ਜਾ ਚੜਿ੍ਹਆ। ਇਸ ਹਾਦਸੇ ਕਾਰਨ ਝੁੱਗੀ ਝੌਂਪੜੀ ਖੇਤਰ ਵਿਚ ਚੀਕ-ਚਿਹਾੜਾ ਮਚ ਗਿਆ। ਇਸ ਦੌਰਾਨ ਟਰੱਕ ਦੇ ਹੇਠਾਂ ਕੁਚਲੇ ਗਏ ਪਿੰਟੂ (30) ਪੁੱਤਰ ਬੰਟੀ ਅਤੇ ਉਸ ਦੀ ਭਤੀਜੀ ਸੇਸਮ ਕੁਮਾਰੀ (17) ਪੁੱਤਰੀ ਸ਼ਕਲ ਦੇਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਸੇਸਮ ਕੁਮਾਰੀ ਦੀ ਮਾਂ ਚਰੌਸਤੀ ਦੇਵੀ ਅਤੇ ਅਜੇ ਕੁਮਾਰ ਪੁੱਤਰ ਮੁਕਲ ਦੇਵ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਚੌਕੀ ਭੁਲਾਣਾ ਦੇ ਇੰਚਾਰਜ ਹਰਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਕੁਚਲੀਆਂ ਗਈਆਂ ਦੋਵਾਂ ਲਾਸ਼ਾਂ ਨੂੰ ਬਾਹਰ ਕੱਿਢਆ। ਇਸ ਮੌਕੇ ਹਾਦਸਾਗ੍ਰਸਤ ਟਰੱਕ ਹੇਠੋਂ ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਈਂ ਬਾਬਾ ਨਾਂ ਦਾ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ।
ਦੂਜੇ ਪਾਸੇ, ਟਰੱਕ ਚਾਲਕ ਹਰਬੰਸ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਰਾਜੋਆਣਾ ਜ਼ਿਲ੍ਹਾ ਮੋਗਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮੁਲਜ਼ਮ ਟਰੱਕ ਚਾਲਕ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਬੱਜਰੀ ਲੈ ਕੇ ਮੋਗਾ ਵੱਲ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਐੱਸਡੀਐੱਮ ਡਾ. ਮਨਦੀਪ ਕੌਰ, ਡੀਐੱਸਪੀ ਸੁਲਤਾਨਪੁਰ ਲੋਧੀ ਪਿਆਰਾ ਸਿੰਘ ਅਤੇ ਪੁਲਸ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਖ਼ੁਦ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ।
ਇਸ ਮੌਕੇ ਲੋਕਾਂ ਨੇ ਪੁਲਸ ਚੌਕੀ ਭੁਲਾਣਾ ਦੀ ਪੁਲਸ ਅਤੇ ਐਂਬੂਲੈਂਸ ਦੇ ਦੇਰੀ ਨਾਲ ਪੁੱਜਣ ਦਾ ਦੋਸ਼ ਲਗਾਉਂਦੇ ਹੋਏ ਕੁਝ ਦੇਰ ਤਕ ਲਈ ਸੜਕ ਦੀ ਆਵਾਜਾਈ ਵੀ ਠੱਪ ਕੀਤੀ। ਬਾਅਦ ਵਿਚ ਉੱਚ ਪੁਲਸ ਅਧਿਕਾਰੀਆਂ ਦੇ ਦਖ਼ਲ ਨਾਲ ਆਵਾਜਾਈ ਆਮ ਵਾਂਗ ਚਲਾਈ ਜਾ ਸਕੀ।