3-ਲੰਮਾ ਪਿੰਡ ਚੌਕ ਸਥਿਤ ਸੇਵਾ ਕੇਂਦਰ ਦਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਦਘਾਟਨ ਕੀਤੇ ਜਾਣ ਤੋਂ ਪਹਿਲਾਂ ਕੰਧ ਬਣਾਉਂਦੇ ਹੋਏ ਕਾਰੀਗਰ।
- ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ 'ਚ ਖੁੱਲਣ ਵਾਲੇ 30 ਸੇਵਾ ਕੇਂਦਰਾਂ ਦੀ ਅੱਜ ਹੋਵੇਗੀ ਓਪਨਿੰਗ
- ਸਵੇਰੇ ਸਵਾ ਅੱਠ ਵਜੇ ਮੁੱਖ ਮੰਤਰੀ ਕਰਨਗੇ ਉਦਘਾਟਨ
ਜੇਐੱਨਐੱਨ, ਜਲੰਧਰ : ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ 'ਚ ਸਥਾਪਤ 30 ਸੇਵਾ ਕੇਂਦਰ ਸ਼ੁੱਕਰਵਾਰ ਤੋਂ ਕੰਮ ਸ਼ੁਰੂ ਕਰ ਦੇਣਗੇ। ਸਵੇਰੇ ਸਵਾ ਅੱਠ ਵਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਮਾ ਪਿੰਡ ਚੌਕ ਸਥਿਤ ਸੇਵਾ ਕੇਂਦਰ ਦਾ ਉਦਘਾਟਨ ਕਰਨਗੇ। ਪਹਿਲੇ ਦੌਰ 'ਚ ਸੇਵਾ ਕੇਂਦਰਾਂ 'ਚ 62 ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ 350 ਤਕ ਪਹੁੰਚਾਈ ਜਾਵੇਗੀ। ਫਿਲਹਾਲ ਮੈਰਿਜ ਰਜਿਸਟਰੇਸ਼ਨ, ਅਸਲਾ ਲਾਇਸੈਂਸ ਤੇ ਐਫੀਡੇਵਿਟ ਦੀ ਸਰਵਿਸ ਸੇਵਾ ਕੇਂਦਰਾਂ 'ਚ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਨ੍ਹਾਂ ਸੇਵਾਵਾਂ ਲਈ ਮੈਜਿਸਟਰੇਟ ਸਾਹਮਣੇ ਪੇਸ਼ ਹੋਣਾ ਲਾਜ਼ਮੀ ਹੈ। ਕਿਉਂਕਿ ਹਰ ਸੇਵਾ ਕੇਂਦਰ 'ਚ ਮੈਜਿਸਟਰੇਟ ਨੂੰ ਬਿਠਾਉਣਾ ਲੰਭਵ ਨਹੀਂ ਹੈ। ਇਸ ਲਈ ਇਨ੍ਹਾਂ ਸੇਵਾਵਾਂ ਲਈ ਡੀਸੀ ਦਫਤਰ ਆਉਣਾ ਲਾਜ਼ਮੀ ਹੋਵੇਗਾ। ਇ-ਗਵਰਨੇਸ ਪ੍ਰਾਜੈਕਟ ਦੇ ਕੋਆਰਡੀਨੇਟਰ ਆਨੰਦ ਮੋਹਨ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਲਈ ਸੇਵਾ ਕੇਂਦਰ 'ਤੇ ਦਰਖਾਸਤ ਲੈਣ ਤੋਂ ਬਾਅਦ ਬਿਨੈਕਾਰ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਹੋਣ ਲਈ ਡੀਸੀ ਦਫਤਰ ਭੇਜਣ ਦੀ ਵਿਵਸਥਾ 'ਤੇ ਵਿਚਾਰ ਚੱਲ ਰਿਹਾ ਹੈ। ਪੇਂਡੂ ਇਲਾਕੇ ਵਾਲੇ ਸੇਵਾ ਕੇਂਦਰਾਂ ਦੀ ਓਪਨਿੰਗ ਹੋਲੇ ਦੋ ਮਹੀਨੇ ਬਾਅਦ ਹੋਵੇਗੀ ਕਿਉਂਕਿ ਇਹ ਸੇਵਾ ਕੇਂਦਰ ਹਾਲੇ ਤਿਆਰ ਨਹੀਂ ਹੋਏ ਹਨ। ਸੇਵਾ ਕੇਂਦਰ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਹਾਲੇ ਇਕ ਹਫਤੇ ਪਹਿਲਾਂ ਹੀ ਭਰਤੀ ਕੀਤੀ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਸਾਫਟਵੇਅਰ ਚਲਾਉਣ ਦੀ ਪੂਰੀ ਸਿਖਲਾਈ ਵੀ ਨਹੀਂ ਦਿੱਤੀ ਜਾ ਸਕੀ ਹੈ। ਉਥੇ ਹੀ ਵੀਰਵਾਰ ਸ਼ਾਮ ਤਕ ਸੇਵਾ ਕੇਂਦਰਾਂ 'ਤੇ ਫਾਰਮ ਮੁਹੱਈਆ ਨਹੀਂ ਕਰਵਾਏ ਜਾ ਸਕੇ ਹਨ।