ਲਾਸ ਏਂਜਲਸ (ਪੀਟੀਆਈ) : ਬਾਲੀਵੁੱਡ 'ਚ ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਸ਼ਾਹਰੁਖ ਖਾਨ ਨਾਲ ਅਮਰੀਕਾ 'ਚ ਸੁਰੱਖਿਆ ਜਾਂਚ ਦੇ ਨਾਂ 'ਤੇ ਇਕ ਵਾਰੀ ਫਿਰ ਮਾੜਾ ਸਲੂਕ ਕੀਤਾ ਗਿਆ। ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੰ ਹਿਰਾਸਤ 'ਚ ਲੈ ਲਿਆ। ਪਿਛਲੇ ਸੱਤ ਸਾਲਾਂ 'ਚ ਉਨ੍ਹਾਂ ਨਾਲ ਹੋਈ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਸ਼ਾਹਰੁਖ ਖਾਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ, ਸ਼ਾਹਰੁਖ ਯੇਲ ਯੂਨੀਵਰਸਿਟੀ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ। ਉਨ੍ਹਾਂ ਨਾਲ ਨੀਤਾ ਅੰਬਾਨੀ ਵੀ ਸਨ। ਉਹ ਨਿੱਜੀ ਜਹਾਜ਼ ਰਾਹੀਂ ਲਾਸ ਏਂਜਲਸ ਪਹੁੰਚੇ ਸਨ। ਸੂਤਰਾਂ ਨੇ ਕਿਹਾ ਕਿ ਨੀਤਾ ਅੰਬਾਨੀ ਸਮੇਤ ਹੋਰ ਲੋਕਾਂ ਨੂੰ ਤਾਂ ਜਾਂਚ ਦੇ ਬਾਅਦ ਤੁਰੰਤ ਛੱਡ ਦਿੱਤਾ ਗਿਆ ਪਰ ਸ਼ਾਹਰੁਖ ਨੂੰ ਰੋਕ ਲਿਆ ਗਿਆ। ਯੇਲ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ। ਯੂਨੀਵਰਸਿਟੀ ਨੇ ਛੇਤੀ-ਛੇਤੀ ਗ੍ਰਹਿ ਅਤੇ ਇਮੀਗਰੇਸ਼ਨ ਅਤੇ ਕਸਟਮ ਵਿਭਾਗ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਤਦ ਇਮੀਗਰੇਸ਼ਨ ਵਿਭਾਗ ਨੇ ਉਨ੍ਹਾਂ ਨੂੰ ਦੋ ਘੰਟੇ ਮਗਰੋਂ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ। ਸ਼ਾਹਰੁਖ ਨੇ ਟਵੀਟ ਕਰਕੇ ਕਿਹਾ ਕਿ ਇਸ ਦੌਰਾਨ ਉਹ ਪੋਕੇਮਾਨ ਗੋ ਖੇਡਦੇ ਰਹੇ।
ਇਸ ਤੋਂ ਪਹਿਲਾਂ ਸਾਲ 2009 'ਚ ਨੇਵਾਰਕ (ਨਿਊ ਜਰਸੀ) ਅਤੇ ਅਪ੍ਰੈਲ, 2012 'ਚ ਨਿਊਯਾਰਕ ਹਵਾਈ ਅੱਡੇ 'ਤੇ ਉਨ੍ਹਾਂ ਨੰੂ ਹਿਰਾਸਤ 'ਚ ਲਿਆ ਗਿਆ ਸੀ। ਅਦਾਕਾਰ ਨੇ ਨੇਵਾਰਕ ਦੀ ਘਟਨਾ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੇ ਹੋਏ ਕਿਹਾ ਸੀ ਕਿ ਇਸ ਵਿਚ ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ ਹੈ। ਨਿਊਯਾਰਕ 'ਚ ਰੋਕੇ ਜਾਣ 'ਤੇ ਉਨ੍ਹਾਂ ਕਿਹਾ ਸੀ, 'ਮੇਰੇ 'ਚ ਜਦੋਂ ਘੁਮੰਡ ਆਉਂਦਾ ਹੈ ਤਾਂ ਮੈਂ ਅਮਰੀਕਾ ਦੀ ਯਾਤਰਾ 'ਤੇ ਨਿਕਲ ਜਾਂਦਾ ਹਾਂ। ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀ ਮੈਨੂੰ ਸਟਾਰਡਮ ਤੋਂ ਬਾਹਰ ਲੈ ਆਉਂਦੇ ਹਨ।'