ਲਖਬੀਰ, ਜਲੰਧਰ : ਦੋ ਦਿਨ ਪਹਿਲਾਂ ਵਾਰਡ ਨੰਬਰ 4 ਦੇ 'ਵਿਕਾਸ' ਅਤੇ ਇਲਾਕਾ ਕੌਂਸਲਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਵਾਰਡ ਸੰਬੰਧੀ 'ਪੰਜਾਬੀ ਜਾਗਰਣ' ਵੱਲੋਂ ਖ਼ਬਰ ਛਾਪੀ ਗਈ ਸੀ, ਜਿਸ ਦਾ ਅੱਜ ਅਸਰ ਦੇਖਣ ਨੂੰ ਮਿਲਿਆ। ਖ਼ਬਰ ਦੌਰਾਨ ਵਾਰਡ 'ਚ ਕਈ ਦਿਨਾਂ ਤੋਂ ਸੀਵਰੇਜ਼ ਬੰਦ ਹੋਣ ਅਤੇ ਉਸਦੇ ਪਾਣੀ ਉੱਪਰ ਮੱਛਰਾਂ ਵੱਲੋਂ ਆਪਣੇ ਘਰ ਬਣਾਉਣ, ਸੜਕ ਤੋਂ ਨੀਵੇਂ ਸੀਵਰੇਜ ਢੱਕਣਾਂ ਬਾਰੇ ਲਿਖਿਆ ਗਿਆ ਸੀ। ਖ਼ਬਰ ਛਪਣ ਤੋਂ ਬਾਅਦ ਕੌਂਸਲਰ ਭਗਵੰਤ ਪ੍ਰਭਾਕਰ ਵੱਲੋਂ ਸੀਵਰੇਜਾਂ ਦੀ ਸਫਾਈ ਕਰਵਾ ਦਿੱਤੀ ਗਈ ਅਤੇ ਨੀਵੇਂ ਸੀਵਰੇਜ ਢੱਕਣਾਂ ਨੂੰ ਵੀ ਉੱਚਾ ਕਰਵਾ ਦਿੱਤਾ ਗਿਆ। ਲੋਕਾਂ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਕਮੀਆਂ ਕਾਰਨ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਚਾਹੇ ਅਖ਼ਬਾਰ 'ਚ ਖ਼ਬਰ ਲੱਗਣ ਤੋਂ ਬਾਅਦ ਹੀ ਸਹੀ, ਆਖਰ ਪ੍ਰਭਾਕਰ ਨੇ ਇਹ ਕੰਮ ਕਰਵਾ ਹੀ ਦਿੱਤੇ।
ਸਾਡਾ ਕੀ ਕਸੂਰ
ਵਾਰਡ ਨੰਬਰ 4 ਅਧੀਨ ਆਉਂਦੇ ਕਮਲ ਪਾਰਕ ਦੇ ਸ਼ੀਲਾ, ਰੋਹਿਤ ਲੱਕੀ, ਦਲਵਿੰਦਰ, ਰਾਜੇਸ਼, ਸੁਮਨ ਆਦਿ ਲੋਕਾਂ ਨੇ ਕੌਂਸਲਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਬਿਨਾ ਕਾਰਨ ਪਈਆਂ ਸੀਵਰੇਜ ਸਫਾਈ ਮਸ਼ੀਨਾਂ ਅਜੇ ਤੱਕ ਨਹੀਂ ਚੁੱਕੀਆਂ ਹਨ। ਸੀਵਰੇਜ ਸਫਾਈ ਮਸ਼ੀਨਾਂ ਜੋ ਬਿਲਕੁਲ ਸੜਕਾਂ ਵਿਚਾਲੇ ਰੱਖੀਆਂ ਹੋਈਆਂ ਹਨ, ਦੇ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਮੁਸ਼ਕਿਲ ਆਉਣ ਦੇ ਨਾਲ-ਨਾਲ ਇਨ੍ਹਾਂ ਮਸ਼ੀਨਾਂ ਕਾਰਨ ਕਈ ਵਾਰ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਪ੍ਰਭਾਕਰ ਨੂੰ ਵਾਰ-ਵਾਰ ਕਹਿਣ ਤੋਂ ਬਾਅਦ ਲੋਕ ਸ਼ਰਮ ਮਹਿਸੂਸ ਕਰਨ ਲੱਗ ਪਏ ਹਨ ਪਰ ਕੌਂਸਲਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਾਡਾ ਕੀ ਕਸੂਰ ਹੈ ਕਿ ਕੌਂਸਲਰ ਉਨ੍ਹਾਂ ਬਦਬੂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਿਹਾ ਹੈ। ਲੋਕਾਂ ਅਨੁਸਾਰ ਜਦੋਂ ਪ੍ਰਭਾਕਰ ਨੇ ਉਨ੍ਹਾਂ ਕੋਲੋਂ ਵੋਟਾਂ ਲੈਣੀਆਂ ਸਨ ਤਾਂ ਉਨ੍ਹਾਂ ਦੀਆਂ ਗਲੀਆਂ 'ਚ ਦਿਨ-ਰਾਤ ਚੱਕਰ ਲਗਾਉਂਦੇ ਸਨ ਤੇ ਹਰ ਕੰਮ ਕਰਨ ਦੇ ਵਾਅਦੇ ਕਰਦੇ ਸਨ ਪਰ ਲੱਗਦਾ ਹੈ ਕਿ ਇਨ੍ਹਾਂ ਮਸ਼ੀਨਾਂ ਨੂੰ ਸੜਕਾਂ ਵਿਚਾਲੇ ਰੱਖਕੇ ਉਨ੍ਹਾਂ ਦੀਆਂ ਵੋਟਾਂ ਦਾ ਮੁਲ ਮੋੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਹੈ ਕਿ ਪ੍ਰਭਾਕਰ ਨੂੰ ਜਿਤਾ ਕੇ ਕੌਂਸਲਰ ਬਣਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਹੈ।
'ਵਿਕਾਸ' ਬਣਿਆ ਵਾਰਡ 4 ਦੇ ਲੋਕਾਂ ਲਈ ਸੁਪਨਾ : ਖੋਸਲਾ
ਕਾਂਗਰਸੀ ਨੇਤਾ ਮਾਈਕ ਖੋਸਲਾ ਨੇ ਕਿਹਾ ਕਿ ਵਾਰਡ ਨੰਬਰ 4 ਦਾ ਵਿਕਾਸ ਹੋਣ ਦੀ ਬਜਾਏ ਵਿਨਾਸ਼ ਹੋ ਰਿਹਾ ਹੈ ਕਿਉਂਕਿ ਵਾਰਡ ਦੇ ਹਾਲਾਤ ਦਿਨ ਪ੍ਰਤੀ ਦਿਨ ਤਰਸਯੋਗ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਰ ਕੌਂਸਲਰ ਨੇ ਕੁਝ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਮਝੋ ਕਿ ਪ੍ਰਭਾਕਰ ਆਪਣੀ ਨੀਂਦ ਤੋਂ ਜਾਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਰ ਪ੍ਰਭਾਕਰ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਾਉਣ ਦੀ ਕੋਸ਼ਿਸ਼ ਕਰੇ ਤਾਂ ਵਾਰਡ ਨੰਬਰ 4 ਵੀ ਹੋਰਨਾਂ ਵਾਰਡਾਂ ਵਾਂਗ ਵਧੀਆ ਬਣ ਸਕਦਾ ਹੈ। ਖੋਸਲਾ ਅਨੁਸਾਰ ਵਾਰਡ ਨੰਬਰ 4 ਦੇ ਲੋਕਾਂ ਲਈ ਇਲਾਕਾ ਦਾ 'ਵਿਕਾਸ' ਤਾਂ ਇਕ ਸੁਪਨਾ ਹੀ ਬਣਦਾ ਜਾ ਰਿਹਾ ਹੈ।
ਕੌਂਸਲਰ ਨੇ ਨਹੀਂ ਚੁੱਕਿਆ ਫੋਨ
ਇਸ ਸੰਬੰਧੀ ਕੌਂਸਲਰ ਦਾ ਪੱਖ ਜਾਨਣ ਲਈ ਉਨ੍ਹਾਂ ਦੇ ਮੋਬਾਇਲ ਉੱਪਰ ਸ਼ਾਮ 6:54 ਮਿੰਟ 'ਤੇ ਫੋਨ ਕੀਤਾ ਗਿਆ ਪਰ ਇਲਾਕਾ ਕੌਂਸਲਰ ਨੇ ਫੋਨ ਨਹੀਂ ਚੁੱਕਿਆ।