'ਮਨ ਕੀ ਬਾਤ' 'ਚ ਮੋਦੀ ਨੇ ਵੱਖਵਾਦੀਆਂ ਖ਼ਿਲਾਫ਼ ਸਖ਼ਤੀ ਦਾ ਦਿੱਤਾ ਸੰਕੇਤ
-ਪੀਐੱਮ ਬੋਲੇ, ਨਿਰਦੋਸ਼ ਬੱਚਿਆਂ ਨੂੰ ਭੜਕਾਉਣ ਵਾਲਿਆਂ ਨੂੰ ਦੇਣਾ ਹੋਵੇਗਾ ਜਵਾਬ
-----
ਜਾਗਰਣ ਬਿਊਰੋ (ਨਵੀਂ ਦਿੱਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ 'ਚ ਵੱਖਵਾਦੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਮੋਦੀ ਨੇ ਕਿਹਾ ਕਿ ਘਾਟੀ 'ਚ ਅਸ਼ਾਂਤੀ ਫੈਲਾਉਣ ਲਈ ਛੋਟੇ-ਛੋਟੇ ਬੱਚਿਆਂ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਉਨ੍ਹਾਂ ਨੇ 'ਏਕਤਾ ਅਤੇ ਮਮਤਾ' ਨੂੰ ਕਸ਼ਮੀਰ ਸਮੱਸਿਆ ਦੇ ਹੱਲ ਦਾ ਮੂਲਮੰਤਰ ਦੱਸਿਆ। ਪ੍ਰਧਾਨ ਮੰਤਰੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਨੂੰ ਲੈ ਕੇ ਸਾਰੇ ਰਾਜਨੀਤਕ ਦਲਾਂ ਦੇ ਵਿਚ ਤਾਲਮੇਲ ਦੀ ਸ਼ਲਾਘਾ ਕੀਤੀ। ਪੀਐੱਮ ਦੇ ਸੰਬੋਧਨ 'ਚ ਸਾਫ ਹੋ ਗਿਆ ਹੈ ਕਿ ਸਰਕਾਰ ਪੱਥਰ ਚਲਾਉਣ ਵਾਲੇ ਬੱਚਿਆਂ ਨੂੰ ਨਿਰਦੋਸ਼ ਮੰਨਦੀ ਹੈ ਅਤੇ ਉਨ੍ਹਾਂ ਨਾਲ ਮਮਤਾ ਦਾ ਵਿਵਹਾਰ ਕਰਨਾ ਚਾਹੁੰਦੀ ਹੈ ਪਰ ਪਾਕਿਸਤਾਨ ਪੋਸ਼ਿਤ ਵੱਖਵਾਦੀਆਂ ਨਾਲ ਉਹ ਓਂਨੀ ਹੀ ਸਖਤੀ ਨਾਲ ਨਿਪਟੇਗੀ ਪਰ ਵੱਖਵਾਦੀਆਂ ਖਿਲਾਫ ਕਾਰਵਾਈ ਤੋਂ ਪਹਿਲਾਂ ਰਾਜਨੀਤਕ ਦਲਾਂ ਅਤੇ ਆਮ ਜਨਤਾ ਨੂੰ ਵੱਖਵਾਦ ਖਿਲਾਫ ਇਕੱਠੇ ਕਰ ਲੈਣਾ ਚਾਹੁੰਦੀ ਹੈ।
ਕਸ਼ਮੀਰ ਦੇ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੀ ਪਾਰਟੀਆਂ ਨੂੰ ਆਮ ਜਨਤਾ ਦੇ ਵਿਚ ਜਾਣ ਨੂੰ ਕਿਹਾ ਸੀ। ਇਸ ਦੇ ਨਾਲ ਹੀ ਅਗਲੇ ਹਫਤੇ ਆਜ਼ਾਦ ਵਫਦ ਭੇਜ ਕੇ ਸਰਕਾਰ ਘਾਟੀ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਦੁੱਖ ਦੀ ਘੜੀ 'ਚ ਪੂਰਾ ਦੇਸ਼ ਉਨ੍ਹਾਂ ਨਾਲ ਹੈ ਪਰ ਸੀਮਾ ਪਾਰ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ 'ਚ ਉਨ੍ਹਾਂ ਦਾ ਸਾਥ ਜ਼ਰੂਰੀ ਹੈ। ਨੌਜਵਾਨਾਂ ਨੂੰ ਢਾਲ ਬਣਾ ਕੇ ਸਾਜ਼ਿਸ਼ ਰਚਣ ਵਾਲੇ ਵੱਖਵਾਦੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਜਾਂਚ ਏਜੰਸੀਆਂ ਵੱਖਵਾਦੀਆਂ ਨੂੰ ਪਾਕਿਸਤਾਨ ਤੋਂ ਮਿਲਣ ਵਾਲੀ ਮਦਦ 'ਚ ਲੱਗ ਗਈ ਹੈ। ਏਜੰਸੀਆਂ ਵਿਦੇਸ਼ੀ ਮਦਦ ਨੂੰ ਪੂਰੀ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉੱਥੇ ਹੀ ਸੁਰੱਖਿਆ ਏਜੰਸੀਆਂ ਪੱਥਰ ਸੁੱਟਣ ਲਈ ਨੌਜਵਾਨਾਂ ਨੂੰ ਉਕਸਾਉਣ ਵਾਲਿਆਂ ਨੂੰ ਪਛਾਣ ਕਰਕ ਰਾਜ ਪੁਲਿਸ ਨੂੰ ਇਨ੍ਹਾਂ ਖਿਲਾਫ ਕਾਰਵਾਈ ਦੀ ਹਿਦਾਇਤ ਦੇ ਚੁੱਕੀ ਹੈ। ਕਸ਼ਮੀਰ ਦੇ ਵੱਖਵਾਦੀਆਂ ਨਾਲ ਗੱਲਬਾਤ ਲਈ ਵਧਦੇ ਦਬਾਅ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਘਾਟੀ ਦੀ ਆਮ ਜਨਤਾ ਦੇ ਸਾਹਮਣੇ ਬੇਨਕਾਬ ਕਰਨ ਦੇ ਮੂਡ 'ਚ ਹੈ।
ਸਿੰਧੂ, ਸਾਕਸ਼ੀ, ਦੀਪਾ ਦੀ ਸ਼ਲਾਘਾ
35 ਮਿੰਟ ਦੇ ਸੰਬੋਧਨ 'ਚ ਪੀਐੱਮ ਨੇ ਹਾਲ ਹੀ 'ਚ ਖਤਮ ਹੋਏ ਰੀਓ ਓਲੰਪਿਕ 'ਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ, ਤਾਂਬੇ ਦਾ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਅਤੇ ਮਾਮੂਲੀ ਫਰਕ ਨਾਲ ਮੈਡਲ ਤੋਂ ਵਾਂਝੀ ਦੀਪਾ ਕਰਮਾਕਰ ਦੀ ਸ਼ਲਾਘਾ ਕੀਤੀ। ਮੋਦੀ ਨੇ ਕਿਹਾ ਕਿ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਜੇਕਰ ਅਸੀਂ ਉਹੀ ਕਰਦੇ ਰਹੇ ਜੋ ਅਸੀਂ ਕਰਦੇ ਆ ਰਹੇ ਹਾਂ ਤਾਂ ਸ਼ਾਇਦ ਸਾਨੂੰ ਫਿਰ ਨਿਰਾਸ਼ਾ ਹੀ ਹੱਥ ਲੱਗੇਗੀ। ਅਸੀਂ ਹਾਲ ਹੀ 'ਚ ਇਕ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਇਹ ਅਗਲੇ ਤਿੰਨ ਓਲੰਪਿਕ ਦੀ ਤਿਆਰੀਆਂ ਦਾ ਰੋਡਮੈਪ ਬਣਾਏਗਾ।
ਇਨ੍ਹਾਂ ਦਾ ਵੀ ਕੀਤਾ ਜ਼ਿਕਰ
ਮਦਰ ਟੈਰੇਸਾ : 4 ਸੰਤਬਰ ਨੂੰ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੇਟਿਕਨ ਸਿਟੀ 'ਚ ਹੋਣ ਵਾਲੇ ਪ੍ਰੋਗਰਾਮ 'ਚ ਜਾਏਗੀ।
ਅਧਿਆਪਕ ਦਿਵਸ : 5 ਸਤੰਬਰ ਨੂੰ ਅਧਿਆਪਕ ਦਿਵਸ ਹੈ। ਪੀਵੀ ਸਿੰਧੂ ਦੇ ਗੁਰੂ ਪੁਲੇਲਾ ਗੋਪੀਚੰਦ ਨੂੰ ਸਲਾਮ। ਉਨ੍ਹਾਂ ਨੇ ਸਾਬਿਤ ਕੀਤਾ ਹੈ ਕਿ ਵਧੀਆ ਅਧਿਆਪਕ ਦਾ ਵਿਦਿਆਰਥੀ ਦੇ ਪ੍ਰਦਰਸ਼ਨ 'ਚ ਕਿੰਨਾ ਯੋਗਦਾਨ ਹੁੰਦਾ ਹੈ।
ਹਿੰਸਾ ਛੱਡਣ ਨੂੰ ਤਿਆਰ ਲੋਕਾਂ ਨਾਲ ਕੇਂਦਰ ਕਰੇ ਗੱਲ : ਮਹਿਬੂਬਾ
ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਹਿੰਸਾ ਛੱਡਣ ਨੂੰ ਤਿਆਰ ਲੋਕਾਂ ਨਾਲ ਕੇਂਦਰ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ। ਜੇਕਰ ਵੱਖਵਾਦੀ ਵੀ ਸ਼ਾਂਤੀਪੂਰਣ ਹੱਲ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨਾਲ ਵੀ ਚਰਚਾ ਖਿਲਾਫ ਨਹੀਂ ਹਨ। ਮਹਿਬੂਬਾ ਨੇ ਦੱਸਿਆ ਕਿ ਮੈਂ ਪੀਐੱਮ ਨੂੰ ਕਿਹਾ ਹੈ ਕਿ ਲੋਕਾਂ ਦਾ ਗੱਲਬਾਤ ਤੋਂ ਭਰੋਸਾ ਉਠ ਗਿਆ ਹੈ। ਇਸ ਲਈ ਇਸ ਨੂੰ ਸੰਸਥਾਗਤ ਰੂਪ ਦਿੱਤਾ ਜਾਣਾ ਚਾਹੀਦਾ ਹੈ। ਚਰਚਾ ਤੋਂ ਪਹਿਲਾਂ ਸ਼ਾਂਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਹੁਰੀਅਤ ਆਗੂਆਂ ਨੂੰ ਵੀ ਸ਼ਾਂਤੀ ਬਹਾਲ ਕਰਨ 'ਚ ਮਦਦ ਕਰਨ ਦੀ ਅਪੀਲ ਕੀਤੀ।