-ਗੁਰੂ ਨਾਲ ਚਤੁਰਾਈ
-ਪਿਛਲੇ ਸਾਲ ਦੇ 38 ਸਟੇਟ ਐਵਾਰਡੀ ਅਧਿਆਪਕਾਂ ਨੂੰ ਨਹੀਂ ਮਿਲੀ ਸਨਮਾਨ ਦੀ ਰਾਸ਼ੀ
-ਇਕ ਸਾਲ ਬਾਅਦ ਵੀ ਸਨਮਾਨ ਦੇ ਪੈਸੇ ਨਾ ਮਿਲਣਾ ਅਧਿਆਪਕਾਂ ਅਪਮਾਨ : ਖੈੜਾ
ਜੇਐੱਨਐੱਨ, ਕਪੂਰਥਲਾ : ਪੰਜਾਬ ਸਰਕਾਰ ਨੇ ਅਧਿਆਪਕ ਦਿਵਸ 'ਤੇ ਸਨਮਾਨਿਤ ਕੀਤੇ ਜਾਣ ਵਾਲੇ ਸਟੇਟ ਐਵਾਰਡੀ ਅਧਿਆਪਕਾਂ ਦੀ ਸਨਮਾਨ ਰਾਸ਼ੀ 10 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਤਾਂ ਕਰ ਦਿੱਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਸਟੇਟ ਐਵਾਰਡ ਹਾਸਲ ਕਰਨ ਵਾਲੇ ਸੂਬੇ ਦੇ ਸਾਰੇ 38 ਅਧਿਆਪਕਾਂ ਵਿਚੋਂ ਕਿਸੇ ਨੂੰ ਵੀ ਅਜੇ ਤਕ 10 ਹਜ਼ਾਰ ਰੁਪਏ ਦੀ ਮਾਮੂਲੀ ਜਿਹੀ ਸਨਮਾਨ ਰਾਸ਼ੀ ਵੀ ਨਹੀਂ ਮਿਲ ਸਕੀ ਹੈ। ਪੰਜਾਬ ਸਰਕਾਰ ਨੇ ਇਸ ਵਾਰ ਬੇਸ਼ੱਕ ਸੂਬੇ ਦੇ ਦੋ ਸਮਰਪਿਤ ਅਧਿਆਪਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜ਼ੇ ਜਾਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ ਅਤੇ ਸਟੇਟ ਐਵਾਰਡ ਦੀ ਰਾਸ਼ੀ 'ਚ ਵੀ 15 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ ਪਰ ਅਜਿਹੀਆਂ ਕੋਸ਼ਿਸ਼ਾਂ ਬਾਵਜੂਦ ਪਿਛਲੇ ਸਾਲ ਸਟੇਟ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਹਾਲੇ ਤਕ 10 ਹਜ਼ਾਰ ਦੀ ਰਾਸ਼ੀ ਵੀ ਨਹੀਂ ਮਿਲੀ। ਇਸ ਕਾਰਨ ਅਧਿਆਪਕਾਂ ਦੇ ਮਨਾਂ ਵਿਚ ਵੱਖ-ਵੱਖ ਤਰ੍ਹਾਂ ਦੇ ਖ਼ਿਆਲ ਉਠ ਰਹੇ ਹਨ। ਹਾਲਾਂਕਿ ਪੰਜਾਬ 'ਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਇਹ ਪਹਿਲਾ ਮੌਕਾ ਹੈ ਕਿ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੀ ਜਾਣ ਵਾਲੀ ਰਾਸ਼ੀ ਉਨ੍ਹਾਂ ਨੂੰ ਸਾਲ ਬਾਅਦ ਵੀ ਨਹੀਂ ਮਿਲੀ। ਇਸ ਸਬੰਧੀ ਪੰਜਾਬ ਰਿਜਨ ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰੋਸ਼ਨ ਖੈੜਾ ਦਾ ਕਹਿਣਾ ਹੈ ਕਿ ਇਹ ਅਧਿਆਪਕਾਂ ਦਾ ਸਨਮਾਨ ਨਹੀਂ ਬਲਕਿ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਸ਼ੁਰੂ ਕਰਨ ਤੇ ਸਟੇਟ ਐਵਾਰਡ ਦੀ ਰਾਸ਼ੀ 'ਚ ਵਾਧਾ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਪਰ ਪਿਛਲੇ ਸਾਲ ਦੇ ਸਟੇਟ ਐਵਾਰਡੀ ਅਧਿਆਪਕਾਂ ਨੂੰ ਹਾਲੇ ਤਕ ਉਨ੍ਹਾਂ ਦੇ ਸਨਮਾਨ ਵਜੋਂ ਮਿਲਣ ਵਾਲੀ ਰਕਮ ਜੋ ਉਸੇ ਵੇਲੇ ਹੀ ਮਿਲਣੀ ਚਾਹੀਦੀ ਸੀ, ਸਾਲ ਬਾਅਦ ਵੀ ਨਾ ਮਿਲਣਾ ਬੜੇ ਦੁੱਖ ਦੀ ਗੱਲ ਹੈ। ਇਸ ਲਈ ਬੇਸ਼ੱਕ ਕੋਈ ਵੀ ਸਿਸਟਮ ਦੋਸ਼ੀ ਹੋਵੇ ਪਰ ਇਹ ਸਟੇਟ ਐਵਾਰਡ ਵਰਗੇ ਸਨਮਾਨਜਨਕ ਐਵਾਰਡ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਹੈ।
ਓਧਰ ਸ਼ਨਿਚਰਵਾਰ ਸ਼ਾਮ ਨੂੰ ਇਹ ਵੀ ਸੁਣਨ ਵਿਚ ਆਇਆ ਕਿ ਪਿਛਲੇ ਸਾਲ ਦੇ ਸਟੇਟ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਖਾਤਿਆਂ ਵਿਚ 29 ਅਗਸਤ ਨੂੰ ਸਰਕਾਰ ਨੇ 10 ਹਜ਼ਾਰ ਰੁਪਏ ਦੀ ਰਾਸ਼ੀ ਪਾ ਦਿੱਤੀ ਹੈ ਪਰ ਜਦੋਂ ਇਸ ਸਬੰਧੀ ਦੋ ਸਟੇਟ ਐਵਾਰਡੀ ਅਧਿਆਪਕਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਤਾ ਤਾਂ ਉਨ੍ਹਾਂ ਨੂੰ ਵੀ ਲੱਗਾ ਸੀ ਪਰ ਜਦੋਂ ਬੈਂਕ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਹਾਲੇ ਤਕ ਕੋਈ ਪੈਸਾ ਨਹੀਂ ਆਇਆ ਹੈ। ਇਸ ਸਬੰਧੀ ਸੂਬੇ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ।