ਜੇਐੱਨਐੱਨ, ਲੁਧਿਆਣਾ : ਸਲੇਮ ਟਾਬਰੀ ਦੇ ਅਸ਼ੋਕ ਨਗਰ ਦੀ ਗਲੀ-10 'ਚ ਸ਼ਨਿਚਰਵਾਰ ਖ਼ੁਸ਼ੀਆਂ ਦਾ ਮਾਹੌਲ ਸੀ। ਹਰ ਸਾਲ ਦੀ ਤਰ੍ਹਾਂ ਇਲਾਕੇ 'ਚ ਪੂਜਾ ਉਪਰੰਤ ਲੰਗਰ ਵੰਡਿਆ ਗਿਆ। ਲਗਪਗ 2 ਵਜੇ ਟਾਟਾ-407 'ਚ ਲਗਪਗ 25 ਸ਼ਰਧਾਲੂਆਂ ਦਾ ਜੱਥਾ ਡੇਰਾ ਬਾਬਾ ਵਢਭਾਗ ਸਿੰਘ ਲਈ ਰਵਾਨਾ ਹੋਇਆ। ਉਸ ਸਮੇਂ ਕਿਸੇ ਦੇ ਚਿੱਤ-ਚੇਤੇ 'ਚ ਵੀ ਨਹੀਂ ਸੀ ਕਿ ਵਾਪਸੀ ਵੇਲੇ ਉਨ੍ਹਾਂ ਨੂੰ ਇਸ ਹਾਦਸੇ ਦਾ ਸ਼ਿਕਾਰ ਬਣਨਾ ਪਵੇਗਾ।
ਮੰਗੂਵਾਲ 'ਚ ਟੈਂਪੂ ਖਾਈ 'ਚ ਡਿੱਗਣ ਕਾਰਨ ਸਰਬਜੀਤ ਕੌਰ (50) ਤੇ ਉਸ ਦੇ ਪੁੱਤਰ ਹਰਦੀਪ ਸਿੰਘ (25) ਦੀ ਮੌਤ ਹੋ ਗਈ। ਉਨ੍ਹਾਂ ਨਾਲ ਗਿਆ ਛੋਟਾ ਪੁੱਤਰ ਹਰਜੀਤ ਸਿੰਘ (21), ਧੀ ਰਿੰਪੀ (20) ਤੇ ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ। ਦੋਵੇਂ ਇਕ ਹੋਰ ਜ਼ਖ਼ਮੀ ਨਾਲ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਭਰਤੀ ਹਨ। ਐਤਵਾਰ ਅਸ਼ੋਕ ਨਗਰ ਦੀ ਗਲੀ-10 ਸੁੰਨਸਾਨ ਸੀ। ਹਰ ਕਿਸੇ ਦਾ ਕੋਈ ਨਾ ਕੋਈ ਆਪਣਾ ਹਸਪਤਾਲ 'ਚ ਭਰਤੀ ਸੀ। ਇਸ ਲਈ ਸਾਰੇ ਹਸਪਤਾਲਾਂ 'ਚ ਮਸਰੂਫ ਸੀ। ਮਿ੍ਰਤਕਾ ਸਰਵਜੀਤ ਕੌਰ ਦਾ ਪਤੀ ਲਖਵਿੰਦਰ ਸਿੰਘ ਤੇ ਸਹੁਰਾ ਹਰਭਜਨ ਸਿੰਘ ਸਦਮੇ ਦੀ ਹਾਲਤ 'ਚ ਘਰ ਬਾਹਰ ਬੈਠੇ ਸੀ। ਹਰਭਜਨ ਸਿੰਘ ਨੇ ਦੱਸਿਆ ਕਿ ਉਹ ਅੰਮਿ੍ਰਤਸਰ ਦੇ ਰਹਿਣ ਵਾਲੇ ਹਨ। 1984 ਦੇ ਦੰਗਿਆਂ ਦੌਰਾਨ ਉਹ ਲੁਧਿਆਣਾ ਆ ਗਏ। ਇਥੇ ਉਹ ਘੋੜਾ ਰੇਹੜਾ ਚਲਾਉਣ ਲੱਗਾ। ਹੁਣ ਉਹ ਹੀ ਕੰਮ ਉਸ ਦਾ ਪੁੱਤਰ ਲਖਵਿੰਦਰ ਕਰਦਾ ਹੈ। ਹਾਦਸੇ 'ਚ ਮਰਨ ਵਾਲਾ ਹਰਦੀਪ ਸਿੰਘ ਵੀ ਆਪਣੇ ਭਰਾ ਹਰਜੀਤ ਸਿੰਘ ਨਾਲ ਮਜਦੂਰੀ ਕਰਨ ਦਾ ਕੰਮ ਕਰਦਾ ਸੀ।
ਉਸ ਗਲੀ 'ਚ ਰਹਿਣ ਵਾਲੇ ਦਿਲਬਾਗ ਸਿੰਘ ਉਰਫ ਬੱਗਾ ਤੇ ਉਸ ਦਾ ਭਰਾ ਹਰਜਿੰਦਰ ਸਿੰਘ ਉਰਫ ਜਿੰਦਾ ਹਰ ਸਾਲ ਡੇਰਾ ਬਾਬਾ ਵਡਭਾਗ ਸਿੰਘ ਲਈ ਹਰ ਸਾਲ ਜੱਥਾ ਲੈ ਕੇ ਜਾਂਦੇ ਹਨ। ਹਾਦਸੇ 'ਚ ਜ਼ਖ਼ਮੀ ਦਿਲਬਾਗ ਸਿੰਘ, ਉਸ ਦੀ ਪਤਨੀ ਸੁਨੀਤਾ, ਪੁੱਤਰ ਸਾਹਿਲ, ਰਾਜਬੀਰ ਸਿੰਘ ਦੇ ਨਾਲ ਹਰਜਿੰਦਰ ਸਿੰਘ, ਉਸ ਦੀ ਪਤਨੀ ਹਰਜੀਤ ਕੌਰ ਤੇ ਢਾਈ ਮਹੀਨੇ ਦੀ ਧੀ ਜੈਸਮੀਨ ਡੀਐੱਮਸੀ 'ਚ ਭਰਤੀ ਹਨ। ਗੱਲ ਕਰਦੇ ਹੋਏ ਦਿਲਬਾਗ ਸਿੰਘ ਦੇ ਭਰਾ ਸਰਵਜੀਤ ਸਿੰਘ ਉਰਫ ਸਾਬੀ ਨੇ ਦੱਸਿਆ ਕਿ ਹਾਦਸੇ ਦੇ ਕਈ ਜ਼ਖ਼ਮੀ ਪੀਜੀਆਈ ਚੰਡੀਗੜ੍ਹ ਤੇ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਨ ਹਾਦਸੇ 'ਚ ਵਾਲ-ਵਾਲ ਬਚੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਇਲਾਕੇ 'ਚ ਚਿਕਨ ਦਾ ਕੰਮ ਕਰਦਾ ਹੈ। ਸ਼ਨਿਚਰਵਾਰ ਨੂੰ ਉਹ ਵੀ ਜੱਥੇ ਨਾਲ ਗਿਆ ਸੀ। ਵਾਪਸੀ ਦੌਰਾਨ ਪਿੰਡ ਮੰਗੂਵਾਲ ਨੇੜੇ ਅਚਾਨਕ ਟੈਂਪੂ ਬੇਕਾਬੂ ਹੋ ਕੇ ਖਾਈ 'ਚ ਡਿੱਗ ਪਿਆ। ਇਸ ਦੌਰਾਨ ਉਹ ਪਿੱਛੇ ਖੜ੍ਹਾ ਸੀ। ਝਟਕਿਆਂ ਕਾਰਨ ਉਹ ਪਿੱਛੇ ਆ ਰਹੇ ਮੋਟਰਸਾਈਕਲ 'ਤੇ ਡਿੱਗ ਪਿਆ ਤੇ ਜ਼ਖ਼ਮੀ ਹੋ ਗਿਆ। ਹਾਦਸੇ 'ਚ ਮੋਟਰਸਾਈਕਲ ਸਵਾਰਾਂ ਦਾ ਵੀ ਵਾਲ-ਵਾਲ ਬਚਾਅ ਹੋ ਗਿਆ।