ਜਲੰਧਰ (ਜੇਐੱਨਐੱਨ) : ਆਮਦਪੁਰਾ 'ਚ ਲਟਕੇ ਸਿਵਲ ਹਵਾਈ ਅੱਡੇ ਨੂੰ ਲੈ ਕੇ ਸ਼ੁੱਕਰਵਾਰ ਚੰਡੀਗੜ੍ਹ 'ਚ ਏਅਰਪੋਰਟ ਅਥਾਰਿਟੀ ਆਫ ਇੰਡੀਆ ਤੇ ਪੰਜਾਬ ਸ਼ਹਿਰੀ ਹਵਾਬਾਜ਼ੀ ਦੀ ਇਕ ਬੈਠਕ ਹੋਈ। ਬੈਠਕ 'ਚ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਵੀ ਸ਼ਾਮਲ ਹੋਏ। ਸਾਂਪਲਾ ਨੇ ਕਿਹਾ ਕਿ ਸਿਵਲ ਹਵਾਈ ਅੱਡੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਆਹਮੋ-ਸਾਹਮਣੇ ਸਨ। ਦੋਹਾਂ ਵਿਚਕਾਰ ਸਹਿਮਤੀ ਬਣ ਗਈ ਹੈ। ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਕਿਹਾ ਕਿ ਉਸ ਨੂੰ ਫਿਲਹਾਲ ਨਿਰਮਾਣ ਲਈ 40 ਏਕੜ ਜ਼ਮੀਨ ਦੀ ਲੋੜ ਹੈ। ਬਾਕੀ ਦੀ 40 ਏਕੜ ਜ਼ਮੀਨ ਬਾਅਦ 'ਚ ਮਿਲ ਜਾਵੇ ਤਾਂ ਚੱਲੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਵਿਸ਼ਵਜੀਤ ਖੰਨਾ ਨੇ ਇਸ ਬੈਠਕ 'ਚ ਤੁਰੰਤ 40 ਏਕੜ ਜ਼ਮੀਨ ਐਕਵਾਇਰ ਕਰਨ ਤੇ 40 ਏਕੜ ਜ਼ਮੀਨ ਬਾਅਦ 'ਚ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਰ ਸਬੰਧੀ ਮੀਟਿੰਗ 'ਚ ਜਲੰਧਰ ਦੇ ਡੀਸੀ ਕਮਲ ਕਿਸ਼ੋਰ ਯਾਦਵ ਨਾਲ ਗੱਲ ਕਰ ਲਈ ਗਈ ਹੈ। ਹਵਾਈ ਅੱਡਾ 80 ਏਕੜ 'ਚ ਬਣੇਗਾ ਪਰ ਨਿਰਮਾਣ ਸ਼ੁਰੂ ਕਰਨ ਲਈ 40 ਏਕੜ ਜ਼ਮੀਨ ਕਾਫੀ ਹੈ। ਜ਼ਮੀਨ ਫਾਈਨਲ ਕਰਨ ਲਈ ਅਗਲੇ ਕੁਝ ਦਿਨਾਂ 'ਚ ਨਵੀਂ ਦਿੱਲੀ ਤੋਂ ਸਪੈਸ਼ਲ ਟੀਮ ਆਦਮਪੁਰ ਆਵੇਗੀ। ਇਹ ਟੀਮ ਤੈਅ ਕਰੇਗੀ ਕਿ ਉਸ ਨੂੰ ਜ਼ਮੀਨ ਕਿੱਥੇ ਚਾਹੀਦੀ ਹੈ, ਜਿਸ ਤੋਂ ਬਾਅਦ ਉਸ ਨੂੰ ਐਕਵਾਇਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
↧