ਸਟੇਟ ਬਿਊਰੋ, ਸ੍ਰੀਨਗਰ : ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਸ਼ਮੀਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਵੱਖਵਾਦੀਆਂ ਵਲੋਂ ਸਪਾਂਸਰਡ ਹਿੰਸਕ ਪ੍ਰਦਰਸ਼ਨਾਂ ਅਤੇ ਸਿਲਸਿਲੇਵਾਰ ਬੰਦ ਦੇ 64ਵੇਂ ਦਿਨ ਸ਼ਨਿਚਰਵਾਰ ਨੂੰ ਦੱਖਣੀ ਕਸ਼ਮੀਰ 'ਚ ਦੋ ਹੋਰ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਹਿੰਸਕ ਭੀੜ ਨੇ ਅਨੰਤਨਾਗ 'ਚ ਇਕ ਸਕੂਲ ਨੂੰ ਵੀ ਸਾੜ ਦਿੱਤਾ ਅਤੇ ਸ਼ੋਪੀਆਂ 'ਚ ਪੈਟਰੋਲ ਬੰਬ ਦੇ ਹਮਲੇ 'ਚ ਪਸ਼ੂਆਂ ਦਾ ਵਾੜਾ ਸੁਆਹ ਹੋ ਗਿਆ। ਸਵੇਰ ਤੋਂ ਦੇਰ ਸ਼ਾਮ ਤਕ ਜਾਰੀ ਰਹੀਆਂ ਹਿੰਸਕ ਝੜਪਾਂ 'ਚ ਦੋ ਦਰਜਨ ਸੁਰੱਖਿਆ ਮੁਲਾਜ਼ਮਾਂ ਸਮੇਤ 200 ਤੋਂ ਵੱਧ ਲੋਕ ਜ਼ਖਮੀ ਹੋ ਗਏ। ਉਥੇ ਹਾਲਾਤ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੇ ਦੱਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਲਗਾਤਾਰ ਦੂਜੇ ਦਿਨ ਵੀ ਕਰਫਿਊ ਜਾਰੀ ਰੱਖਿਆ ਪਰ ਸ੍ਰੀਨਗਰ ਸਮੇਤ ਵਾਦੀ ਦੇ ਹੋਰਨਾਂ ਹਿੱਸਿਆਂ 'ਚ ਕਰਫਿਊ ਨਹੀਂ ਸੀ। ਉਥੇ ਕਰੀਬ ਦੋ ਮਹੀਨੇ ਤੋਂ ਜਾਰੀ ਹਿੰਸਾ 'ਚ ਹੁਣ ਤਕ ਮਾਰੇ ਗਏ ਲੋਕਾਂ ਦੀ ਗਿਣਤੀ 82 ਹੋ ਗਈ ਹੈ।
ਦੱਖਣੀ ਕਸ਼ਮੀਰ 'ਚ ਜਵਾਹਰ ਸੁਰੰਗ ਤੋਂ ਲੈ ਕੇ ਉੱਤਰੀ ਕਸ਼ਮੀਰ 'ਚ ਕੁਪਵਾੜਾ ਤਕ ਕਰੀਬ ਇਕ ਦਰਜਨ ਆਜ਼ਾਦੀ ਹਮਾਇਤੀ ਜਲਸੇ ਅਤੇ ਲਗਪਗ 30 ਜਲੂਸ ਨਿਕਲੇ। ਇਨ੍ਹਾਂ ਰੈਲੀਆਂ ਅਤੇ ਜਲਸਿਆਂ 'ਚ ਪਾਕਿਸਤਾਨੀ ਅਤੇ ਅੱਤਵਾਦੀ ਸੰਗਠਨਾਂ ਦੇ ਝੰਡਿਆਂ ਨਾਲ ਮੌਜੂਦ ਭੀੜ ਆਜ਼ਾਦੀ ਹਮਾਇਤੀ ਨਾਅਰੇ ਲਗਾਉਂਦੀ ਨਜ਼ਰ ਆਈ। ਕੱਟੜਪੰਥੀ ਸਈਦ ਅਲੀ ਸ਼ਾਹ ਗਿਲਾਨੀ ਦੇ ਜੱਦੀ ਪਿੰਡ ਡੁਰੂ (ਸੋਪੋਰ) 'ਚ ਵੀ ਕਸ਼ਮੀਰ ਦੀ ਆਜ਼ਾਦੀ ਹਮਾਇਤੀ ਰੈਲੀ ਹੋਈ ਜਿਸ ਵਿਚ ਹਿੰਸਾ ਹੋਈ ਅਤੇ 20 ਲੋਕ ਜ਼ਖ਼ਮੀ ਹੋ ਗਏ। ਰੈਲੀ ਨੂੰ ਗਿਲਾਨੀ ਨੇ ਟੈਲੀਫੋਨ ਦੇ ਜ਼ਰੀਏ ਸੰਬੋਧਨ ਕੀਤਾ। ਬਟੇਂਗੂ (ਅਨੰਤਨਾਗ) 'ਚ ਸਵੇਰੇ ਪੱਥਰਬਾਜ਼ਾਂ ਅਤੇ ਅੱਤਵਾਦੀਆਂ ਦੇ ਹਮਾਇਤੀਆਂ ਨੂੰ ਫੜਨ ਗਏ ਸੁਰੱਖਿਆ ਦਸਤਿਆਂ 'ਤੇ ਸਥਾਨਕ ਲੋਕਾਂ ਨੇ ਹਮਲਾ ਕੀਤਾ। ਸੁਰੱਖਿਆ ਦਸਤਿਆਂ ਨੇ ਹਿੰਸਕ ਭੀੜ 'ਤੇ ਕਾਬੂ ਪਾਉਣ ਲਈ ਲਾਠੀਆਂ, ਅੱਥਰ ੂਗੈਸ ਅਤੇ ਪੈਲੇਟ ਗੰਨ ਦਾ ਸਹਾਰਾ ਲਿਆ। ਇਸ ਵਿਚ 25 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਯਾਵਰ ਅਹਿਮਦ ਡਾਰ ਨੂੰ ਮਿ੍ਰਤਕ ਐਲਾਨ ਦਿੱਤਾ। ਉਸ ਦੀ ਮੌਤ ਦੇ ਬਾਅਦ ਬਟੇਂਗੂ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਵੀ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਭੜਕੇ ਲੋਕਾਂ ਨੇ ਸਥਾਨਕ ਹਾਈ ਸਕੂਲ ਦੀ ਇਮਾਰਤ ਨੂੰ ਅੱਗ ਲਗਾ ਦਿੱਤੀ। ਦੇਰ ਸ਼ਾਮ ਤਕ ਇਥੇ ਹਿੰਸਕ ਝੜਪਾਂ 'ਚ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਇਸ ਤੋਂ ਪਹਿਲਾਂ ਸ਼ੋਪੀਆਂ ਦੇ ਟੁਕਰੂ ਪਿੰਡ 'ਚ ਵੱਖਵਾਦੀਆਂ ਵਲੋਂ ਸਪਾਂਸਰਡ ਰੈਲੀ ਨੂੰ ਨਾਕਾਮ ਬਣਾਉਣ ਲਈ ਜਦੋਂ ਸੁਰੱਖਿਆ ਦਸਤੇ ਪਹੁੰਚੇ ਤਾਂ ਪਥਰਾਅ ਕਰ ਰਹੀ ਭੀੜ 'ਚੋਂ ਕੁਝ ਨੌਜਵਾਨਾਂ ਨੇ ਪੈਟਰੋਲ ਬੰਬ ਨਾਲ ਹਮਲਾ ਕੀਤਾ। ਪੈਟਰੋਲ ਬੰਬ ਰੈਲੀ ਵਾਲੀ ਥਾਂ ਦੇ ਨਜ਼ਦੀਕ ਡੰਗਰਾਂ ਦੇ ਇਕ ਵਾੜੇ 'ਤੇ ਡਿੱਗਾ ਅਤੇ ਉਹ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਸ਼ੋਪੀਆਂ 'ਚ 60 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ। ਉਨ੍ਹਾਂ 'ਚੋਂ ਇਕ ਸਯਾਰ ਅਹਿਮਦ ਦੀ ਬਾਅਦ 'ਚ ਮੌਤ ਹੋ ਗਈ।