ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ਾਤਰ ਨੌਕਰਾਂ ਨੇ ਹੌਜ਼ਰੀ ਵਪਾਰੀ ਘਰੋਂ 50 ਲੱਖ ਦੇ ਗਹਿਣੇ ਤੇ 30 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਫ਼ਰਾਰ ਹੋ ਗਏ। ਵਪਾਰੀ ਨੂੰ ਵਾਰਦਾਤ ਦਾ ਪਤਾ ਉਸ ਵੇਲੇ ਲਗਿਆ ਜਦੋਂ ਉਹ ਆਪਣੀ ਪਤਨੀ ਨਾਲ ਘਰ ਵਾਪਸ ਪਰਤਿਆ। ਥਾਣਾ-5 ਦੀ ਪੁਲਸ ਨੇ ਕਾਰੋਬਾਰੀ ਵਿਜੇ ਕੁਮਾਰ ਉਰਫ ਪੱਪੂ ਘਈ ਦੇ ਬਿਆਨਾਂ 'ਤੇ ਨੌਕਰ ਅਰਜੁਨ ਤੇ ਪ੫ੇਮ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਥਾਣਾ-5 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
ਜਾਣਕਾਰੀ ਮੁਤਾਬਕ ਗੁਰਦੇਵ ਨਗਰ ਵਾਸੀ ਪੱਪੂ ਘਈ ਹੌਜ਼ਰੀ ਕਾਰੋਬਾਰੀ ਹੈ। ਪੱਪੂ ਐਤਵਾਰ ਸਵੇਰੇ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ 'ਚ ਦਿੱਲੀ ਗਿਆ। ਜਦੋਂ ਉਹ ਘਰ ਪਰਤਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦੇ ਦੋਵੇਂ ਨੌਕਰ ਗਾਇਬ ਸਨ ਤੇ ਅਲਮਾਰੀਆਂ ਖੁੱਲ੍ਹੀਆਂ ਸਨ। ਨੌਕਰ ਘਰੋਂ 50 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਤੇ 30 ਹਜ਼ਾਰ ਨਕਦੀ ਲੈ ਗਏ ਸਨ। ਇਸ ਮਾਮਲੇ 'ਚ ਥਾਣਾ-5 ਦੀ ਪੁਲਸ ਨੇ ਪੱਪੂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
- 4 ਮਹੀਨੇ ਪਹਿਲਾਂ ਹੀ ਰੱਖੇ ਸਨ ਦੋਵੇਂ ਨੌਕਰ
ਪੁਲਸ ਦੇ ਮੁਤਾਬਕ ਪੱਪੂ ਨੇ ਦੋਵਾਂ ਨੌਕਰਾਂ ਨੂੰ ਚਾਰ ਮਹੀਨੇ ਪਹਿਲਾਂ ਰੱਖਿਆ ਸੀ। ਚਾਰ ਮਹੀਨੇ ਦੇ ਅੰਦਰ ਨੌਕਰਾਂ ਨੇ ਘਰ ਦੀ ਜਾਣਕਾਰੀ ਹਾਸਲ ਕੀਤੀ ਤੇ ਮੌਕਾ ਮਿਲਦੇ ਹੀ ਘਰ ਦਾ ਸਫ਼ਾਇਆ ਕਰਕੇ ਫ਼ਰਾਰ ਹੋ ਗਏ।
- ਡੀਵੀਆਰ ਵੀ ਲੈ ਗਏ ਨਾਲ
ਦੋਵੇਂ ਨੌਕਰ ਇੰਨੇ ਸ਼ਾਤਰ ਸੀ ਕਿ ਉਨ੍ਹਾਂ ਪੂਰੀ ਯੋਜਨਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਉਪਰੰਤ ਕੋਈ ਸਬੂਤ ਨਾ ਬਚੇ ਇਸ ਲਈ ਉਹ ਆਪਣੇ ਨਾਲ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ।