ਜਾਗਰਣ ਬਿਊਰੋ, ਨਵੀਂ ਦਿੱਲੀ : ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਦੇਸ਼ ਦੀਆਂ ਆਟੋਮੋਬਾਈਲ ਕੰਪਨੀਆਂ ਨੇ ਆਪਣੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਕਾਰਾਂ ਦੀ ਵਿਕਰੀ 'ਚ ਪਿਛਲੇ ਦੋ-ਤਿੰਨ ਮਹੀਨੇ ਤੋਂ ਸੁਧਾਰ ਨੂੰ ਦੇਖਦਿਆਂ ਕਾਰ ਕੰਪਨੀਆਂ ਨੂੰ ਉਮੀਦ ਹੈ ਕਿ ਇਸ ਵਾਰ ਤਿਓਹਾਰੀ ਸੀਜ਼ਨ 'ਚ ਮੰਦੀ ਦਾ ਦੌਰ ਪੂਰੀ ਤਰ੍ਹਾਂ ਨਾਲ ਸਮਾਪਤ ਹੋ ਜਾਵੇਗਾ। ਕਾਰ ਕੰਪਨੀਆਂ ਨੇ ਭਾਰਤੀ ਬਾਜ਼ਾਰ 'ਚ ਅਗਲੇ ਦੋ ਮਹੀਨਿਆਂ 'ਚ ਦਰਜਨਾਂ ਨਵੇਂ ਵਾਹਨਾਂ ਨੂੰ ਲਾਂਚ ਕਰਨ ਦੀਆਂ ਤਿਆਰੀਆਂ 'ਚ ਹਨ, ਜਦਕਿ ਦੋਪਹੀਆ ਵਾਹਨਾਂ ਦੇ ਬਾਜ਼ਾਰ 'ਚ ਵੀ ਲਗਭਗ ਦੋ ਦਰਜਨ ਨਵੇਂ ਮਾਡਲ ਪੇਸ਼ ਹੋਣਗੇ।
ਦੇਸ਼ ਦੀਆਂ ਆਟੋਮੋਬਾਈਲ ਕੰਪਨੀਆਂ ਦੇ ਚੋਟੀ ਸੰਗਠਨ ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਿੰਗ (ਸਿਆਮ) ਦੀ ਸਾਲਾਨਾ ਬੈਠਕ 'ਚ ਹਿੱਸਾ ਲੈਣ ਆਈਆਂ ਦੇਸ਼-ਵਿਦੇਸ਼ੀਆਂ ਦੀਆਂ ਸਾਰੀਆਂ ਕੰਪਨੀਆਂ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਮਤਭੇਦ ਭੁਲਾ ਕੇ ਦੇਸ਼ 'ਚ ਜੀਐਸਟੀ ਨੂੰ ਲਾਗੂ ਕਰਨ 'ਚ ਮਦਦ ਕਰੇ। ਸਿਆਮ ਦੇ ਮੁਖੀ ਵਿਕਰਮ ਕਿਰਲੋਸਕਰ ਦਾ ਕਹਿਣਾ ਹੈ ਕਿ ਭਾਰਤ 'ਚ ਵਾਹਨ ਨਿਰਮਾਤਾ ਕੰਪਨੀਆਂ 'ਤੇ 30 ਫ਼ੀਸਦੀ ਤਕ ਦੀ ਸਿਰਫ ਉਤਪਾਦ ਡਿਊਟੀ ਲੱਗਦੀ ਹੈ। ਇਸ ਤੋਂ ਇਲਾਵਾ ਸੂਬਿਆਂ ਦਾ ਟੈਕਸ ਲੱਗਦਾ ਹੈ। ਕਈ ਮਾਮਲਿਆਂ 'ਚ 83 ਫ਼ੀਸਦੀ ਤਕ ਟੈਕਸ ਲਗਾਇਆ ਜਾਂਦਾ ਹੈ ਜੋ ਪੂਰੀ ਦੁਨੀਆਂ 'ਚ ਸਭ ਤੋਂ ਜ਼ਿਆਦਾ ਹੈ। ਜੀਐਸਟੀ ਲਾਗੂ ਹੋਣ ਨਾਲ ਇਨ੍ਹਾਂ ਟੈਕਸਾਂ ਤੋਂ ਥੋੜ੍ਹੀ ਰਾਹਤ ਮਿਲੇਗੀ ਜਿਸ ਨਾਲ ਦੇਸ਼ 'ਚ ਤੇਜ਼ੀ ਨਾਲ ਵਿਸਥਾਰ ਦੀ ਆਪਣੀ ਯੋਜਨਾ ਨੂੰ ਲਾਗੂ ਕਰ ਸਕੇਗੀ। ਇਸ ਨਾਲ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲੇਗਾ ਅਤੇ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਸਿਆਮ ਦੇ ਕਈ ਮੈਂਬਰਾਂ ਨੇ ਐਨਡੀਏ ਸਰਕਾਰ 'ਤੇ ਵਾਅਦੇ ਮੁਤਾਬਕ ਆਰਥਿਕ ਸੁਧਾਰਾਂ ਨੂੰ ਅੱਗੇ ਨਹੀਂ ਵਧਾਉਣ ਦਾ ਦੋਸ਼ ਵੀ ਲਗਾਇਆ ਹੈ।
ਇਸ ਤਿਓਹਾਰੀ ਸੀਜ਼ਨ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤੀਆਂ ਜਾਣ ਵਾਲੀਆਂ ਕਾਰਾਂ 'ਚ ਮਾਰੂਤੀ ਸੁਜ਼ੂਕੀ ਦੀ ਨਵੀਂ ਪ੍ਰੀਮੀਅਮ ਹੈਚਬੈਕ ਬਾਲੇਨੋ, ਮਹਿੰਦਰਾ ਐਂਡ ਮਹਿੰਦਾਰ ਦੀ ਨਵੀਂ ਐਸਯੂਵੀ ਟੀਯੂਵੀ300 ਤੇ ਇਕ ਮਿੰਨੀ ਐਸਯੂਵੀ, ਰੈਨੋ ਦੀ ਪਹਿਲੀ 800 ਸੀਸੀ ਦੀ ਛੋਟੀ ਕਾਰ ਕਵਿੱਡ, ਟਾਟਾ ਮੋਟਰਸ ਦੀ ਨਵੀਂ ਛੋਟੀ ਕਾਰ ਹੈਚਬੈਕ ਕਾਰ ਕਾਈਟ, ਫੋਰਡ ਦੀ ਬਿਲਕੁਲ ਨਵੀਂ ਇੰਡੇਵਰ ਅਤੇ ਨਵੀਂ ਫੀਗੋ ਹੈ। ਇਸ ਤੋਂ ਇਲਾਵਾ ਮਰਸਡੀਜ਼, ਆਡੀ ਦੀਆਂ ਵੀ ਚਾਰ ਨਵੀਂਆਂ ਕਾਰਾਂ ਬਾਜ਼ਾਰ 'ਚ ਪੇਸ਼ ਕੀਤੀਆਂ ਜਾਣਗੀਆਂ। ਕਈ ਮੌਜੂਦਾ ਕਾਰਾਂ ਵੀ ਨਵੇਂ ਕਲੇਵਰ 'ਚ ਪੇਸ਼ ਕੀਤਾ ਜਾਵੇਗਾ ਜਿਵੇਂ ਕਿ ਰੈਨੋ ਦੀ ਡਸਟਰ ਅਤੇ ਮਾਰੂਤੀ ਸੁਜ਼ੂਕੀ ਦੀ ਅਰਟਿਗਾ। ਦੋਪਹੀਆ ਵਾਹਨਾਂ 'ਚ ਪੇਸ਼ ਹੋਣ ਵਾਲੇ ਨਵੇਂ ਮਾਡਲਾਂ 'ਚ ਹੌਂਡਾ ਮੋਟਰਸਾਈਕਲ ਨੇ ਚਾਰ ਨਵੀਆਂ ਲਾਂਚਿੰਗਾਂ ਦੀ ਤਿਆਰੀ ਕੀਤੀ ਹੈ। ਹੀਰੋ ਦੇ ਦੋ ਨਵੇਂ ਮਾਡਲ ਵੀ ਬਾਜ਼ਾਰ 'ਚ ਇਸ ਮਹੀਨੇ ਲਾਂਚ ਕੀਤੇ ਜਾਣਗੇ। ਬਜਾਜ ਵੀ ਆਪਣੀ ਸਭ ਤੋਂ ਮਸ਼ਹੂਰ ਪਲਸਰ ਮਾਡਲ ਦਾ ਇਕ ਬਿਲਕੁਲ ਨਵਾਂ ਵੈਰੀਅੰਟ ਲਾਂਚ ਕਰੇਗੀ। ਹੁੰਡਈ ਨੇ ਹਾਲ 'ਚ ਹੀ ਆਪਣੀ ਐਸਯੂਵੀ ਯੇਟਾ ਲਾਂਚ ਕੀਤੀ ਹੈ ਅਤੇ ਇਸ ਰਾਹੀਂ ਕੰਪਨੀ ਦੀ ਉਮੀਦ ਹੈ ਕਿ ਤਿਓਹਾਰੀ ਸੀਜ਼ਨ 'ਚ ਉਸ ਦੀ ਵਿਕਰੀ 'ਚ 20 ਫ਼ੀਸਦੀ ਦਾ ਵਾਧਾ ਹੋਵੇਗਾ।