ਨਵੀਂ ਦਿੱਲੀ (ਪੀਟੀਆਈ) : ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਜਸਟਿਸ ਲੋਢਾ ਕਮੇਟੀ ਦਰਮਿਆਨ ਜੰਗ ਫੈਸਲਾਕੁੰਨ ਮੋੜ 'ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਕਮੇਟੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਸਥਿਤੀ ਰਿਪੋਰਟ ਪੇਸ਼ ਕੀਤੀ ਅਤੇ ਸਿਫਾਰਸ਼ਾਂ ਨਾ ਮੰਨਣ ਨੂੰ ਲੈ ਕੇ ਬੀਸੀਸੀਆਈ ਦੇ ਚੇਅਰਮੈਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੈ ਸ਼ਿਰਕੇ ਸਮੇਤ ਉਸ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਕੀਤੀ।
ਲੋਢਾ ਕਮੇਟੀ ਨੇ ਕਿਹਾ ਕਿ ਬੀਸੀਸੀਆਈ ਅਤੇ ਉਸ ਦੇ ਅਧਿਕਾਰੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਵਾਰ-ਵਾਰ ਬਿਆਨ ਜਾਰੀ ਕਰਕੇ ਅਦਾਲਤ ਦੇ ਅਤੇ ਕਮੇਟੀ ਦੇ ਮੈਂਬਰਾਂ ਦੇ ਅਧਿਕਾਰ ਨੂੰ ਘੱਟ ਸਮਝ ਰਹੇ ਹਨ ਜਿਨ੍ਹਾਂ ਨੇ ਬੀਸੀਸੀਆਈ 'ਚ ਢਾਂਚਾਗਤ ਸੁਧਾਰਾਂ ਦੀ ਸਿਫਾਰਸ਼ ਕੀਤੀ ਸੀ। ਲੋਢਾ ਕਮੇਟੀ ਦੇ ਵਕੀਲ ਗੋਪਾਲ ਸ਼ੰਕਰ ਨਾਰਾਇਣ ਨੇ ਕਿਹਾ ਕਿ ਬੀਸੀਸੀਆਈ ਈ ਮੇਲ ਅਤੇ ਉਨ੍ਹਾਂ ਨੂੰ ਭੇਜੀਆਂ ਗਈਆਂ ਹੋਰ ਦਲੀਲਾਂ ਦਾ ਜਵਾਬ ਨਹੀਂ ਦੇ ਰਿਹਾ ਅਤੇ ਲਗਾਤਾਰ ਅਦਾਲਤ ਦੇ ਹੁਕਮਾਂ ਦਾ ਨਿਰਾਦਰ ਕਰ ਰਿਹਾ ਹੈ।
ਚੀਫ ਜਸਟਿਸ ਟੀ ਐੱਸ ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਦਲੀਲਾਂ ਦੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਇਹ ਗੰਭੀਰ ਦੋਸ਼ ਹੈ ਅਤੇ ਬੀਸੀਸੀਆਈ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਬੈਂਚ 'ਚ ਸ਼ਾਮਲ ਜਸਟਿਸ ਏ ਅੱੈਮ ਖਾਨਵਿਲਕਰ ਅਤੇ ਡੀ ਵਾਈ ਚੰਦਰਚੂੜ ਨੇ ਕਿਹਾ ਕਿ ਜੇਕਰ ਬੀਸੀਸੀਆਈ ਨੂੰ ਲੱਗਦਾ ਹੈ ਕਿ ਉਹ ਖ਼ੁਦ ਨੂੰ ਇਨ੍ਹਾਂ ਤੋਂ ਉਪਰ ਸਮਝਦੇ ਹਨ ਤਾਂ ਉਹ ਗ਼ਲਤ ਹਨ। ਉਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਬੀਸੀਸੀਆਈ ਰੱਬ ਵਾਂਗ ਵਿਵਹਾਰ ਕਰ ਰਹੀ ਹੈ। ਹੁਕਮ ਦੀ ਪਾਲਣਾ ਕਰੋ, ਵਰਨਾ ਅਸੀਂ ਤੁਹਾਥੋਂ ਹੁਕਮ ਦੀ ਪਾਲਣਾ ਕਰਵਾਵਾਂਗੇ। ਬੀਸੀਸੀਆਈ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਕੇ ਵਿਵਸਥਾ ਦੀ ਬਦਨਾਮੀ ਕਰ ਰਿਹਾ ਹੈ।
ਬੀਸੀਸੀਆਈ ਵਲੋਂ ਪੇਸ਼ ਸੀਨੀਅਰ ਵਕੀਲ ਅਰਵਿੰਦ ਦਾਤਰ ਨੇ ਕਿਹਾ ਕਿ ਬੀਸੀਸੀਆਈ ਨੇ ਜ਼ਿਆਦਾਤਰ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਹੌਲੀ-ਹੌਲੀ ਬਾਕੀ ਦੀ ਪਾਲਣਾ ਵੀ ਕਰੇਗੀ। ਇਸ 'ਤੇ ਬੈਂਚ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਮੌਜੂਦਾ ਘਟਨਾਯਮ ਤੋਂ ਅਸੀਂ ਖ਼ੁਸ਼ ਨਹੀਂ ਹਾਂ। ਸਾਨੂੰ ਬੀਸੀਸੀਆਈ ਤੋਂ ਇਸ ਰਵੱਈਏ ਦੀ ਉਮੀਦ ਸੀ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ।