ਜੇਐੱਨਐੱਨ, ਲੁਧਿਆਣਾ : ਸਾਹਨੇਵਾਲ ਸਟੇਸ਼ਨ 'ਤੇ ਬੁੱਧਵਾਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼ਾਨ-ਏ-ਪੰਜਾਬ ਦੀ ਪਾਸਿੰਗ ਲਈ ਪੈਸੰਜਰ ਰੇਲ ਗੱਡੀ ਨੂੰ ਰੋਕਿਆ ਗਿਆ। ਗੁੱਸੇ 'ਚ ਆਏ ਮੁਸਾਫ਼ਰਾਂ ਨੇ ਸਟੇਸ਼ਨ ਸਟਾਫ ਨਾਲ ਹੱਥੋਪਾਈ ਕੀਤੀ ਤੇ ਸਿਗਨਲ ਲਾਕ ਦੀ ਚਾਬੀ ਲੈ ਗਏ। ਸੂਚਨਾ ਮਿਲਦੇ ਹੀ ਜੀਆਰਪੀ ਤੇ ਆਰਪੀਐੱਫ ਮੌਕੇ 'ਤੇ ਪੁੱਜੀ ਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਜਾਣਕਾਰੀ ਮੁਤਾਬਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅੰਬਾਲਾ ਲਈ ਨਿਕਲੀ ਫੋਰ ਯੂ ਐੱਲ ਪੈਸੰਜਰ ਰੇਲ ਗੱਡੀ ਨੂੰ ਅਚਾਨਕ 7.15 ਵਜੇ ਸਾਹਨੇਵਾਲ ਸਟੇਸ਼ਨ 'ਤੇ ਰੋਕ ਲਿਆ ਗਿਆ। ਡਰਾਈਵਰ ਦਾ ਤਰਕ ਸੀ ਕਿ ਸ਼ਾਨ-ਏ-ਪੰਜਾਬ ਨੂੰ ਪਾਸਿੰਗ ਦੇਣ ਤੋਂ ਬਾਅਦ ਰੇਲ ਗੱਡੀ ਰਵਾਨਾ ਹੋਵੇਗੀ।
ਇਸ ਪ੍ਰਕਿਰਿਆ 'ਚ ਪੌਣਾ ਘੰਟਾ ਬੀਤ ਗਿਆ, ਜਿਸ ਤੋਂ ਪਰੇਸ਼ਾਨ ਮੁਸਾਫ਼ਰ ਰੇਲ ਗੱਡੀ ਤੋਂ ਹੇਠਾਂ ਉਤਰ ਆਏ। ਉਨ੍ਹਾਂ ਪਹਿਲਾਂ ਡਰਾਈਵਰ ਤੇ ਫਿਰ ਸਟੇਸ਼ਨ ਸਟਾਫ ਨਾਲ ਧੱਕਾਮੁੱਕੀ ਕੀਤੀ। ਉਧਰ, ਜਦੋਂ ਰੇਲਵੇ ਮੁਲਾਜ਼ਮ ਸਿਗਨਲ ਦੇਣ ਜਾਣ ਲੱਗਾ ਤਾਂ ਉਸ ਤੋਂ ਮੁਸਾਫ਼ਰਾਂ ਨੇ ਸਿਗਨਲ ਲਾਕ ਦੀ ਚਾਬੀ ਖੋਹ ਲਈ ਤੇ ਕੁੱਟਮਾਰ ਕੀਤੀ। ਇਸ ਉਪਰੰਤ ਮੁਸਾਫ਼ਰਾਂ ਨੇ ਰੇਲ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਟਾਫ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਰੇਲਵੇ ਪੁਲਿਸ ਮੌਕੇ 'ਤੇ ਪੁੱਜ ਗਈ। ਉਨ੍ਹਾਂ ਕੁਝ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ। ਪਰ ਉਕਤ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਪ੍ਰਦਰਸ਼ਨਕਾਰੀ ਨਹੀਂ ਹਨ, ਜਿਨ੍ਹਾਂ ਨੇ ਹੰਗਾਮਾ ਕੀਤਾ। ਉਧਰ, ਇਸ ਸਬੰਧੀ ਆਰਪੀਐੱਫ ਦੇ ਪੋਸਟ ਕਮਾਂਡਰ ਵਿਨੋਦ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।