ਜਾਗਰਣ ਬਿਊਰੋ, ਨਵੀਂ ਦਿੱਲੀ :ਅੱਤਵਾਦ ਦੀ ਪਨਾਹਗਾਹ ਬਣ ਚੁੱਕੇ ਪਾਕਿਸਤਾਨ ਨੂੰ ਸਬਕ ਸਿਖਾਉੁਣ ਨੂੰ ਲੈ ਕੇ ਦੇਸ਼ 'ਚ ਪੂਰੀ ਤਰ੍ਹਾਂ ਸਿਆਸੀ ਇਕਜੁੱਟਤਾ ਬਣ ਗਈ ਹੈ। ਕੰਟਰੋਲ ਰੇਖਾ ਪਾਰ ਜਾ ਕੇ ਕਾਰਵਾਈ 'ਤੇ ਸਰਕਾਰ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਦਾ ਸਹਿਯੋਗ ਮਿਲਿਆ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਇਸ ਕਾਰਵਾਈ ਦੇ ਬਾਅਦ ਪਾਕਿਸਤਾਨ ਨੂੰ ਸਖਤ ਸੰਦੇਸ਼ ਗਿਆ ਹੈ। ਇਸੇ ਤਰ੍ਹਾਂ ਦੂਜੇ ਮਾਮਲਿਆਂ 'ਚ ਸਰਕਾਰ ਨੇ ਤਿੱਖੇ ਆਲੋਚਕ ਰਹਿਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਕਦਮ 'ਤੇ ਖੁੱਲ ਕੇ ਨਾਲ ਖੜੇ ਹਨ।
ਪਾਕਿਸਤਾਨ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਬਾਅਦ ਵੀਰਵਾਰ ਸ਼ਾਮ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਰਬ ਪਾਰਟੀ ਬੈਠਕ ਬੁਲਾ ਕੇ ਇਸ ਮਾਮਲੇ 'ਤੇ ਵਿਰੋਧੀ ਧਿਰ ਨੂੰ ਵੀ ਭਰੋਸੇ 'ਚ ਲਿਆ। ਬੈਠਕ ਦੌਰਾਨ ਰੱਖਿਆ ਮੰਤਰੀ ਮਨੋਹਰ ਪਾਰੀਕਰ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸੂਚਨਾ ਪ੍ਰਸਾਰਣ ਮੰਤਰੀ ਵੈਂਕਈਆ ਨਾਇਡੂ ਵੀ ਮੌਜੂਦ ਸਨ। ਕਾਰਵਾਈ ਦੀ ਜਾਣਕਾਰੀ ਲਈ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪ੍ਰਧਾਨ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਨਿ੍ਰਪੇਂਦਰ ਮਿਸ਼ਰਾ ਨੂੰ ਵੀ ਬੁਲਾਇਆ ਸੀ। ਬੈਠਕ ਮਗਰੋਂ ਨਾਇਡੂ ਨੇ ਦੱਸਿਆ ਕਿ ਇਸ ਦੌਰਾਨ ਸਾਰੀਆਂ ਪਾਰਟੀਆਂ ਨੇ ਅੱਤਵਾਦ ਖ਼ਿਲਾਫ਼ ਕੀਤੀ ਗਈ ਕਾਰਵਾਈ 'ਚ ਹਰ ਤਰ੍ਹਾਂ ਨਾਲ ਸਾਥ ਹੋਣ ਦਾ ਭਰੋਸਾ ਦਿੱਤਾ। ਬੈਠਕ ਦੌਰਾਨ ਹੁਕਮਰਾਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਇਲਾਵਾ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਬਸਪਾ ਦੇ ਸੀਨੀਅਰ ਨੇਤਾ ਸਤੀਸ਼ ਚੰਦਰ ਮਿਸ਼ਰਾ, ਐੱਨਸੀਪੀ ਮੁਖੀ ਸ਼ਰਦ ਪਵਾਰ, ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ, ਐੱਲਜੇਪੀ ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ, ਸੀਪੀਐੱਮ ਮੁਖੀ ਸੀਤਾਰਾਮ ਯੇਚੁਰੀ ਅਤੇ ਆਰਜੇਡੀ ਦੇ ਪ੍ਰੇਮ ਚੰਦ ਗੁਪਤਾ ਮੌਜੂਦ ਸਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਾਂਗਰਸ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ- ਕਸ਼ਮੀਰ, ਪੰਜਾਬ, ਬਿਹਾਰ, ਉੜੀਸਾ, ਪੱਛਮੀ ਬੰਗਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਟੈਲੀਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਫ਼ੌਜ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ।