ਹਰਪ੍ਰੀਤ ਹੈਪੀ, ਰਾਮਪੁਰਾ ਫੂਲ : ਫੂਲ ਟਾਊਨ ਦੇ ਗੁਰਬਤ ਦੇ ਮਾਰੇ ਲੋਕ ਅਜ਼ਾਦੀ ਤੋਂ ਬਾਅਦ ਅੱਜ ਤਕ ਵੀ ਬੁਨਿਆਦੀ ਸਹੂਲਤਾਂ ਦੇ ਹਨੇਰੇ ਦਾ ਸੰਤਾਪ ਭੋਗ ਰਹੇ ਹਨ। ਬੇਬਸ ਲੋਕ ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਹਰ ਰੋਜ ਆਪਣੇ ਕਰਮ ਕੋਸ ਰਹੇ ਹਨ। ਵਾਰਡ ਨੰਬਰ ਇੱਕ ਤੇ ਇੱਕੀ ਦੇ ਹਾਲਾਤ ਇਸ ਕਦਰ ਬਦਤਰ ਹਨ ਕਿ ਸੀਵਰੇਜ ਸਿਸਟਮ ਦੇ ਓਵਰਫਲੋ ਕਾਰਨ ਥਾਂ ਥਾਂ ਖੜੇ੍ਹ ਗੰਦੇ ਪਾਣੀ ਦੀ ਬਦਬੂ ਕਾਰਨ ਉਨਾਂ ਦਾ ਜੀਵਨ ਪੱਧਰ ਨਰਕ ਬਣ ਰਿਹਾ ਹੈ। ਸਫਾਈ ਵਿਵਸਥਾਂ ਦੀ ਭਿਆਨਕ ਤਸਵੀਰ ਕਾਰਨ ਮੱਖੀ, ਮੱਛਰਾਂ ਕਾਰਨ ਗੰਭੀਰ ਬਿਮਾਰੀਆਂ ਲੱਗ ਚੁੱਕੀਆਂ ਹਨ। ਸੇਮਾ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਬਿੱਟੂ ਸਿੰਘ ਤੇ ਭਤੀਜੇ ਦਲਜੋਤ ਦੀ ਹਾਲਤ ਬੁਖਾਰ ਕਾਰਨ ਦਿਨੋ ਦਿਨ ਵਿਗੜ ਰਹੀ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਗਲੀ 'ਚ ਪਾਣੀ ਖੜਨ ਕਾਰਨ ਉਸਦੀ ਪਤਨੀ ਤੇ ਬੇਟੇ ਦਵਿੰਦਰ ਨੂੰ ਡੇਂਗੂ ਬੁਖਾਰ ਹੋ ਗਿਆ। ਇਸ ਸਬੰਧੀ ਸੰਜੀਵ ਕੁਮਾਰ, ਭੋਲਾ ਸਿੰਘ, ਚਮਕੌਰ ਸਿੰਘ, ਵਿੱਕੀ ਕੁਮਾਰ ,ਸੁਖਪਾਲ ਸਿੰਘ, ਲਖਵੀਰ ਕੌਰ, ਗੁਲਾਬ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ ਨੇ ਆਪਣੇ ਦੁੱਖ ਸੁਣਾਏ ਤੇ ਪੰਜਾਬ ਸਰਕਾਰ ਵਿਰੁੱਧ ਰੱਜ ਕੇ ਭੜਾਸ ਕੱਢੀ। ਲੋਕਾਂ ਰੋਸ ਜਾਹਰ ਕਰਦਿਆਂ ਕਿਹਾ ਕਿ ਬਿਮਾਰੀਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਉਪਰਾਲੇ ਉਨ੍ਹਾਂ ਦੀਆਂ ਗਰੀਬ ਬਸਤੀਆਂ ਤਕ ਪਤਾ ਨਹੀਂ ਕਿਉ ਨਹੀਂ ਅੱਪੜਦੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਐੱਸਡੀਐੱਮ ਫੂਲ ਦੇ ਮਾਮਲਾ ਧਿਆਨ 'ਚ ਲਿਆਂਦਾ ਗਿਆ, ਪਰ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੁੱਖ ਸਹੂਲਤਾਂ ਦੀ ਪ੍ਰਾਪਤੀ ਨਾ ਹੋਈ ਤਾਂ ਉਹ ਵੋਟਾਂ ਦਾ ਪੂਰਨ ਬਾਈਕਾਟ ਕਰਨਗੇ। ਇਸ ਮੌਕੇ ਸੰਜੀਵ ਕੁਮਾਰ , ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਵਾਰਡ ਦੇ ਕੌਂਸਲਰ ਹਰਬੰਸ ਕੌਰ ਅਤੇ ਚਰਨਜੀਤ ਸਿੰਘ ਜਟਾਣਾ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਪਰ ਹਾਲਾਤ ਹੋਰ ਵੀ ਬਦਤਰ ਹੁੰਦੇ ਗਏ। ਉਨ੍ਹਾਂ ਦੱਸਿਆ ਵਾਰਡ ਦੀਆਂ ਕਈ ਗਲੀਆਂ ਨੂੰ ਪੱਕੀਆਂ ਇੱਟਾ ਪੰਦਰਾਂ ਸਾਲਾਂ ਤੋਂ ਨਸੀਬ ਨਹੀ ਹੋਈਆਂ। ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਕਈ ਕਈ ਘਰਾਂ ਨੇ ਰਲ ਕੇ ਖੁਦ ਹੀ ਮੱਛੀ ਮੋਟਰਾਂ ਲਗਾ ਕੇ ਪ੍ਰਬੰਧ ਕੀਤਾ। ਇਸ ਗੰਭੀਰ ਸਮੱਸਿਆਵਾ ਸੰਬੰਧੀ ਐਸਡੀਐਮ ਫੂਲ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਸਾਰਾ ਮਾਮਲਾ ਕਾਰਜਸਾਧਕ ਅਫਸਰ ਦੇ ਧਿਆਨ 'ਚ ਲਿਆਂਦਾ ਗਿਆ। ਜ਼ਲਦੀ ਹੀ ਫੰਡ ਰਿਲੀਜ਼ ਹੋਣ ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ।