ਪਣਜੀ (ਪੀਟੀਆਈ) : ਬਿ੍ਰਕਸ ਸੰਮੇਲਨ ਲਈ ਸ਼ਨਿਚਰਵਾਰ ਨੂੰ ਗੋਆ ਪੁੱਜੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦਾ ਤਿੱਬਤੀ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਤਿੱਬਤ ਦੀ ਆਜ਼ਾਦੀ ਦੀ ਮੰਗ ਕਰ ਰਹੇ ਸਨ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਸੰਮੇਲਨ ਵਾਲੀ ਜਗ੍ਹਾ ਤੋਂ ਲਗਪਗ 15 ਕਿਲੋਮੀਟਰ ਦੂਰ ਪਣਜੀ ਦੇ ਮਾਰਗਓ ਟਾਊਨ ਤੋਂ ਗਿ੍ਰਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਸੀਐੱਲ ਪਾਟਿਲ ਮੁਤਾਬਕ ਲਗਪਗ 43 ਪ੍ਰਦਰਸ਼ਨਕਾਰੀਆਂ ਨੂੰ ਚੀਨ ਵਿਰੋਧੀ ਪ੍ਰਦਰਸ਼ਨ ਕਾਰਨ ਗਿ੍ਰਫ਼ਤਾਰ ਕੀਤਾ ਗਿਆ।
ਰਾਸ਼ਟਰਪਤੀ ਚਿਨਫਿੰਗ ਖ਼ਿਲਾਫ਼ ਪ੍ਰਦਰਸ਼ਨ ਤਿੱਬਤ ਯੂਥ ਕਾਂਗਰਸ (ਟੀਵਾਈਸੀ) ਨੇ ਕੀਤਾ ਸੀ। ਟੀਵਾਈਸੀ ਦੇ ਲੀਡਰ ਤੇਨਜਿੰਗ ਜਿੰਮੀ ਨੇ ਕਿਹਾ,'ਅਸੀਂ ਚਾਹੁੰਦੇ ਹਾਂ ਕਿ ਤਿੱਬਤ ਦੀ ਆਜ਼ਾਦੀ ਲਈ ਭਾਰਤ ਸਾਡੀ ਮਦਦ ਕਰੇ। ਅਸੀਂ ਆਪਣਾ ਦੇਸ਼ ਆਜ਼ਾਦ ਦੇਖਣਾ ਚਾਹੁੰਦੇ ਹਾਂ। ਅਸੀਂ ਤਿੱਬਤ 'ਤੇ ਚੀਨ ਦੇ ਗ਼ੈਰ-ਕਾਨੂੰਨੀ ਕਬਜ਼ੇ ਦਾ ਵਿਰੋਧ ਕਰਦੇ ਹਾਂ'।