ਜੇਐਨਐਨ, ਜਲੰਧਰ : ਕਿਡਨੀ ਕਾਂਡ ਦੀ ਜਾਂਚ 'ਚ ਲੱਗੀ ਐਸਆਈਟੀ ਵੱਲੋਂ ਧਰਮਸ਼ਾਲਾ ਭੇਜੀ ਗਈ ਟੀਮ ਵੀ ਸੋਮਵਾਰ ਦੇਰ ਰਾਤ ਵਾਪਸ ਮੁੜ ਆਈ। ਉੱਥੇ ਇਸ ਕਾਂਡ 'ਚ ਨਾਮਜ਼ਦ ਸੁਨੀਲ ਕੌਲ ਦੀ ਸਿਹਤ ਨੂੰ ਲੈ ਕੇ ਉੱਠ ਰਹੇ ਸਵਾਲ 'ਤੇ ਅਦਾਲਤ 'ਚ ਜਵਾਬ ਦਾਇਰ ਕਰਨਾ ਹੈ। ਜਾਣਕਾਰੀ ਮੁਤਾਬਕ ਪੁਲਸ ਦੀ ਟੀਮ ਤੋਂ ਉਸ ਹਸਪਤਾਲ ਦਾ ਰਿਕਾਰਡ ਮੰਗਵਾਇਆ ਗਿਆ ਸੀ ਜਿੱਥੇ ਸੁਨੀਲ ਕੌਲ ਦਾਖਲ ਸੀ। ਜਾਣਕਾਰੀ ਮੁਤਾਬਕ ਰਿਕਾਰਡ 'ਚ ਸੁਨੀਲ ਦੀ ਹਾਲਤ 'ਚ ਸੁਧਾਰ ਤਾਂ ਹੈ ਪਰ ਫਿਲਹਾਲ ਉਸਦੇ ਜਲੰਧਰ ਅਦਾਲਤ 'ਚ ਪੇਸ਼ ਹੋਣ ਦੀ ਸੰਭਾਵਨਾ ਨਹੀਂ ਦਿਖ ਰਹੀ। ਇਸ ਸਬੰਧ 'ਚ ਏਡੀਸੀਪੀ ਅਲਕਾ ਮੀਣਾ ਦਾ ਕਹਿਣਾ ਸੀ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਦੂਜੇ ਪਾਸੇ, ਕਿਡਨੀ ਕਾਂਡ 'ਚ ਗਿ੍ਰਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਦਸਤਾਵੇਜਾਂ ਦੀ ਜਾਂਚ ਲਈ ਦਿੱਲੀ ਤੇ ਯੂਪੀ ਤੋਂ ਮੁੜੀਆਂ ਪੁਲਸ ਟੀਮਾਂ ਨੇ ਉੱਥੋਂ ਮਿਲੇ ਦਸਤਾਵੇਜਾਂ 'ਚ ਕਮੀਆਂ ਹੋਣ ਦਾ ਦਾਅਵਾ ਕੀਤਾ ਸੀ। ਫਿਲਹਾਲ 8 ਅਕਤੂਬਰ ਨੂੰ ਹਾਈ ਕੋਰਟ 'ਚ ਡਾ. ਰਾਜੇਸ਼ ਦੀ ਪਟੀਸ਼ਨ ਦਾ ਜਵਾਬ ਦੇਣ ਲਈ ਉਨ੍ਹਾਂ ਦਸਤਾਵੇਜਾਂ ਨੂੰ ਵੀ ਸਬੂਤ ਦੇ ਆਧਾਰ 'ਤੇ ਜੋੜਿਆ ਜਾਵੇਗਾ।
↧