ਸਤਵਿੰਦਰ ਸ਼ਰਮਾ, ਲੁਧਿਆਣਾ : ਸ਼ਹਿਰ 'ਚ ਇਮਾਰਤੀ ਕਾਨੂੰਨ ਦੀਆ ਧੱਜੀਆ ਉਡਾਉਣ ਵਾਲਿਆ ਨੂੰ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਆਪਣੇ ਤਾਕਤ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਸ਼ੁਰੂਆਤ ਨਗਰ ਨਿਗਮ ਜੋਨ ਏ ਦੀ ਬਿਲਡਿੰਗ ਬਰਾਂਚ ਨੇ ਵਧੀਕ ਕਮਿਸ਼ਨਰ ਡਾਕਟਰ ਰਿਸ਼ੀਪਾਲ ਸਿੰਘ ਦੀ ਨਾਜਾਇਜ਼ ਬਿਲਡਿੰਗਾਂ ਦੀ ਚੈਕਿੰਗ ਕਰਨ ਤੋਂ ਬਾਅਦ ਉਨ੍ਹਾਂ ਦੀ ਅਗਵਾਈ 'ਚ ਕੀਤੀ। ਸ਼ਨਿੱਚਰਵਾਰ ਨੂੰ ਨਗਰ ਨਿਗਮ ਜੋਨ ਏ ਦੀ ਬਿਲਡਿੰਗ ਬਰਾਂਚ ਨੇ ਸਵੇਰ ਤੋਂ ਹੀ ਵਧੀਕ ਕਮਿਸ਼ਨਰ ਡਾਕਟਰ ਰਿਸ਼ੀਪਾਲ ਸਿੰਘ ਦੀ ਅਗਵਾਈ 'ਚ ਨਗਰ ਨਿਗਮ ਏ ਜੋਨ ਦੇ ਅਧੀਨ ਆਉਂਦੇ ਕਈ ਇਲਾਕਿਆਂ 'ਚ ਇਕ ਦਰਜਨ ਤੋਂ ਜਿਆਦਾ ਨਾਜਾਇਜ਼ ਉਸਾਰੀਆਂ ਤੇ ਜੇਸੀਬੀ ਮਸ਼ੀਨ ਦਾ ਪੀਲਾ ਪੰਜ਼ਾਂ ਚਲਾ ਉਸਰੀਆਂ ਬਿਲਡਿੰਗਾਂ ਨੂੰ ਜ਼ਮੀਨ ਦੋਜ ਕਰ ਦਿੱਤਾ। ਨਾਜਾਇਜ਼ ਉਸਾਰੀਆਂ ਦੀ ਚੈਕਿੰਗ ਤੋਂ ਬਾਅਦ ਵਧੀਕ ਕਮਿਸ਼ਨਰ ਤੋਂ ਲੱਗੀ ਕਲਾਸ ਤੋਂ ਬਾਅਦ ਜੌਸ਼ 'ਚ ਆਈ ਜੋਨ ਏ ਦੀ ਬਿਲਡਿੰਗ ਬਰਾਂਚ ਨੇ ਕਾਰਵਾਈ ਦੌਰਾਨ ਰਸਤੇ 'ਚ ਆਉਦੀਆਂ ਬਿਨਾਂ ਮੰਨਜੂਰੀ ਬਣ ਰਹੀਆਂ ਬਿਲਡਿੰਗਾਂ ਤੇ ਆਪਣਾ ਗੁੱਸਾ ਕੱਿਢਆ। ਅੱਜ ਨਗਰ ਨਿਗਮ ਦੀ ਟੀਮ ਨੇ ਜਿਨ੍ਹਾਂ ਬਿਲਡਿੰਗਾਂ ਤੇ ਕਾਰਵਾਈ ਕੀਤੀ ਉਨ੍ਹਾਂ 'ਚੋਂ ਜ਼ਿਆਦਾਤਰ ਬਿਲਡਿੰਗਾਂ ਨਕਸ਼ਾ ਪਾਸ ਹੋਣ ਦੇ ਬਾਵਜੂਦ ਇਮਾਰਤੀ ਕਾਨੂੰਨ ਤੋਂ ਉਲਟ ਬਣ ਰਹੀਆਂ ਸਨ। ਜਿਨ੍ਹਾਂ ਨੂੰ ਉਸਾਰੀਆਂ ਦੌਰਾਨ ਰੋਕਣ ਲਈ ਨਗਰ ਨਿਗਮ ਨੇ ਨੋਟਿਸ ਦੇਣ ਦੀ ਕਾਰਵਾਈ ਵੀ ਕੀਤੀ ਸੀ, ਪਰ ਜਦੋਂ ਫਿਰ ਵੀ ਬਿਲਡਿੰਗ ਮਾਲਕਾਂ ਵੱਲੋਂ ਉਸਾਰੀ ਜਾਰੀ ਰੱਖੀ ਗਈ ਤਾਂ ਨਗਰ ਨਿਗਮ ਦੀ ਟੀਮ ਨੇ ਬਿਲਡਿੰਗਾਂ 'ਤੇ ਜੇਸੀਬੀ ਮਸ਼ੀਨ ਦਾ ਪੰਜਾ ਚਲਾਕੇ ਉਨ੍ਹਾਂ ਨੂੰ ਢਾਹ ਢੇਰੀ ਕਰ ਦਿੱਤੀ।
ਨਗਰ ਨਿਗਮ ਦੀ ਟੀਮ ਛੁੱਟੀ ਵਾਲੇ ਦਿਨ ਸਵੇਰੇ ਸਵੇਰੇ ਨਗਰ ਨਿਗਮ ਏ ਜੋਨ ਦੇ ਇਲਾਕਿਆਂ 'ਚ ਪਹੁੰਚੀ। ਟੀਮ ਦੀ ਅਗਵਾਈ ਵਧੀਕ ਕਮਿਸ਼ਨਰ ਨੇ ਕੀਤੀ। ਕਾਰਵਾਈ ਲਈ ਪਹੁੰਚੀ ਟੀਮ ਵਿੱਚ ਏਸੀਟੀਪੀ ਬਲਕਾਰ ਸਿੰਘ ਬਰਾੜ, ਐਸਟੀਪੀ ਹਾਕਮ ਸਿੰਘ ਅਤੇ ਏਟੀਪੀ ਪ੍ਰਦੀਪ ਸਹਿਗਲ ਵੀ ਮੌਜੂਦ ਸਨ।
ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਨ ਏ ਦੇ ਏਟੀਪੀ ਪ੍ਰਦੀਪ ਸਹਿਗਲ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਨੇ ਸਭ ਤੋਂ ਪਹਿਲਾਂ ਨਿਊ ਸ਼ਿਵ ਪੁਰੀ ਦੇ ਇਲਾਕੇ, ਕਾਲੀ ਸੜਕ, ਨਹਿਰੂ ਨਗਰ ਅਤੇ ਉਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਬਣ ਰਹੀਆਂ ਨਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਸ਼ੁਰੂ ਕੀਤੀ। ਬਿਨ੍ਹਾਂ ਕਿਸੇ ਦੀ ਸਿਫ਼ਾਰਸ਼ ਸੁਣਦਿਆਂ ਨਗਰ ਨਿਗਮ ਦੀ ਟੀਮ ਨੇ ਧੜਾਧੜ ਇਕ ਦਰਜਨ ਤੋਂ ਵੱਧ ਬਿਲਡਿੰਗਾਂ ਨੂੰ ਢਾਹ ਢੇਰੀ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਢਾਹੀਆਂ ਗਈਆਂ ਬਿਲਡਿੰਗਾਂ 'ਚ ਕੁੱਝ ਵਪਾਰਕ ਬਿਲਡਿੰਗਾਂ ਰਿਹਾਇਸ਼ੀ ਨਕਸ਼ੇ ਪਾਸ ਕਰਵਾ ਕੇ ਵਪਾਰਕ ਬਿਲਡਿੰਗਾਂ ਵੱਜੋਂ ਬਣ ਰਹੀਆਂ ਸੀ, ਜਿਨ੍ਹਾਂ ਨੂੰ ਪੂਰੀ ਬਿਲਡਿੰਗਾਂ ਨੂੰ ਢਾਹ ਦਿੱਤਾ ਗਿਆ। ਇਸ ਤੋਂ ਇਲਾਵਾ ਕੁੱਝ ਬਿਲਡਿੰਗਾ ਬਾਈਲਾਜ ਦਾ ਉਲੰਘਣ ਕਰਕੇ ਗਲਤ ਉਸਾਰੀ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੀਆ 30 ਬਿਲਡਿੰਗਾਂ ਦੀ ਆਰਟੀ ਆਈ ਮੈਂਬਰ ਰੋਹਿਤ ਸਭਰਵਾਲ ਦੀ ਸ਼ਿਕਾਇਤ ਆਈ ਸੀ, ਉਸ ਤੋਂ ਇਲਾਵਾ ਵਧੀਕ ਕਮਿਸ਼ਨਰ ਨੇ ਖੁੱਦ ਵੀ ਇਸ ਇਲਾਕੇ ਦਾ ਦੌਰਾ ਕਰਕੇ ਬਿਲਡਿੰਗਾਂ ਦੀ ਜਾਂਚ ਕੀਤੀ ਸੀ। ਜਿਨ੍ਹਾਂ 'ਤੇ ਕਾਰਵਾਈ ਕੀਤੀ ਗਈ।