ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਵਿਭਾਗ 'ਚ ਇਕ ਹਾਈਪ੍ਰੋਫਾਈਲ ਮਾਫੀਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇੰਨਾ ਜ਼ਿਆਦਾ ਤਾਕਤਵਰ ਹੈ ਕਿ ਉਹ ਕਿਸੇ ਵੀ ਅਫਸਰ ਨੂੰ ਕੁਰਸੀ ਤੋਂ ਹਟਾਉਣ ਜਾਂ ਬਦਲਾਉਣ ਤਕ ਦੀ ਜੁਰਅਤ ਰੱਖਦਾ ਹੈ। ਇਸ ਦਾ ਪਰਦਾਫਾਸ਼ ਮੁੜ ਬਣੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਦੇ ਕੇਸ ਵਿਚ ਹੋ ਰਹੇ ਹੈਰਾਨੀਜਨਕ ਖ਼ੁਲਾਸਿਆਂ ਤੋਂ ਹੋ ਰਿਹਾ ਹੈ।
ਇਸ ਮਾਫੀਆ ਦਾ ਗੱਠਜੋੜ ਦਵਾਈਆਂ ਦੀਆਂ ਕੰਪਨੀਆਂ ਤੋਂ ਲੈ ਕੇ ਅਫਸਰਸ਼ਾਹੀ ਦੀ ਇਕ ਉਚ ਪੱਧਰੀ ਲਾਬੀ ਨਾਲ ਵੀ ਕਾਫੀ ਡੂੰਘਾ ਹੈ। ਇਸ ਮਾਫੀਆ ਨੇ ਡਾਇਰੈਕਟਰ ਨੂੰ ਪਹਿਲਾਂ ਆਪਣੇ 'ਕਮਿਸ਼ਨ' ਦੇ ਚੱਕਰ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ, ਪ੫ੰਤੂ ਜਦੋਂ ਮਾਫੀਆ ਦੀ ਇਹ ਕੋਸ਼ਿਸ਼ ਫੇਲ੍ਹ ਹੋ ਗਈ ਤਾਂ ਇਸ ਹਾਈਪ੫ੋਫਾਈਲ ਮਾਫੀਏ ਨੇ ਸੰਧੂ ਨੂੰ ਡਾਇਰੈਕਟਰੀ ਦੇ ਅਹੁਦੇ ਤੋਂ ਲਾਹੁਣ ਲਈ ਕੂਟਨੀਤਕ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਸਾਜ਼ਿਸ਼ਾਂ ਵਿਚ ਕਾਫੀ ਹੱਦ ਤਕ ਇਹ ਮਾਫੀਆ ਸਫਲ ਹੀ ਹੋਣ ਵਾਲਾ ਸੀ, ਪ੫ੰਤੂ ਸੰਧੂ ਨੂੰ ਪਤਾ ਲੱਗਣ 'ਤੇ ਉਸ ਨੇ ਇਸ ਖ਼ਿਲਾਫ਼ ਝੰਡਾ ਚੁੱਕ ਲਿਆ। ਇਸ ਦਾ ਖ਼ੁਲਾਸਾ ਖੇਤੀਬਾੜੀ ਵਿਭਾਗ ਵੱਲੋਂ ਖ਼ਰੀਦੇ ਗਏ ਕਰੋੜਾਂ ਰੁਪਏ ਦੇ ਕੀਟਨਾਸ਼ਕਾਂ ਦੀ ਖ਼ਰੀਦ ਫਾਈਲ ਨਾਲ ਸੰਧੂ ਦੀ ਗ਼ੈਰ ਮੌਜੂਦਗੀ ਵਿਚ ਕੀਤੀ ਗਈ ਛੇੜਛਾੜ ਤੋਂ ਸਪਸ਼ਟ ਹੁੰਦਾ ਹੈ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਾ. ਮੰਗਲ ਸਿੰਘ ਸੰਧੂ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਸ ਮਾਫੀਏ ਨੇ ਖੇਤੀਬਾੜੀ ਵਿਭਾਗ ਦੇ ਮੋਹਾਲੀ ਸਥਿਤ ਦਫ਼ਤਰ ਵਿਚ ਕਥਿਤ ਅਫਸਰਾਂ ਦੀ ਮਿਲੀਭੁਗਤ ਨਾਲ ਸਬੂਤ ਮਿਟਾਉਣ ਦੀ ਬੇਖੌਫ਼ ਕੋਸ਼ਿਸ਼ ਵੀ ਕੀਤੀ ਅਤੇ ਖ਼ਰੀਦ ਪ੍ਰਕਿਰਿਆ ਦੀ ਫਾਈਲ ਦੇ ਵਿਚੋਂ ਦਸਤਾਵੇਜ਼ਾਂ 'ਤੇ ਪੇਜਾਂ ਦੇ ਨੰਬਰ ਬਦਲ ਕੇ ਅਤੇ ਕੁਝ ਜ਼ਰੂਰੀ ਕਾਗਜ਼ ਕੱਢ ਕੇ ਫਾਈਲ ਨੂੰ ਰਫਾ-ਦਫਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਪ੫ੰਤੂ ਇਸ ਮਾਫੀਆ ਦੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਚਿੱਤ ਚੇਤਾ ਵੀ ਨਹੀਂ ਸੀ ਕਿ ਡਾਇਰੈਕਟਰ ਸੰਧੂ ਨੇ ਇਸ ਫਾਈਲ ਦੀ ਪੂਰੀ ਫੋਟੋ ਕਾਪੀ ਜਾਂਦੇ ਸਮੇਂ ਆਪਣੇ ਕੋਲ ਸਬੂਤ ਵਜੋਂ ਰੱਖ ਲਈ ਸੀ। ਇਸ ਫਾਈਲ ਵਿਚ ਹੇਠਲੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤਕ ਕਿਸ ਤਰ੍ਹਾਂ ਫਾਈਲ ਮੂਵ ਹੋਈ ਅਤੇ ਡਿਪਟੀ ਡਾਇਰੈਕਟਰ ਤੋਂ ਲੈ ਕੇ ਖੇਤੀਬਾੜੀ ਮੰਤਰੀ ਤਕ ਦੇ ਹਸਤਾਖਰਾਂ ਦੀ ਪ੫ਵਾਨਗੀ ਲਈ ਹੋਈ ਹੈ।
ਅਫਸਰਸ਼ਾਹੀ ਤੇ ਮਾਫੀਆ ਦਾ ਗੱਠਜੋੜ ਸਵਾਲਾਂ ਦੇ ਘੇਰੇ 'ਚ
'ਪੰਜਾਬੀ ਜਾਗਰਣ' ਨੂੰ ਮਿਲੀ ਜਾਣਕਾਰੀ ਮੁਤਾਬਕ ਖੇਤੀਬਾੜੀ ਡਾਇਰੈਕਟਰ ਦੇ ਅਹੁਦੇ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਕੁਝ ਅਫਸਰਾਂ ਵਿਚਕਾਰ ਜਦੋਂ ਤੋਂ ਹੀ ਡਾ. ਸੰਧੂ ਡਾਇਰੈਕਟਰ ਲਗਾਏ ਗਏ ਹਨ, ਉਦੋਂ ਤੋਂ ਹੀ ਉਨ੍ਹਾਂ ਨੂੰ ਹਟਾਉਣ ਲਈ ਲਾਬਿੰਗ ਚੱਲ ਰਹੀ ਹੈ ਅਤੇ ਅਫਸਰਾਂ ਦੀ ਇਕ ਲਾਬੀ ਦੇ ਤਾਰ ਕੀਟਨਾਸ਼ਕ ਦਵਾਈਆਂ ਵਾਲੀਆਂ ਕੰਪਨੀਆਂ ਦੇ ਕਮਿਸ਼ਨ ਮਾਫੀਆ ਨਾਲ ਜੁੜੇ ਹੋਏ ਹਨ। ਸੰਧੂ ਨੂੰ ਹਟਾਉਣ ਲਈ ਜਦੋਂ ਲਾਬੀ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ ਤਾਂ ਉਸ ਨੇ ਸੰਧੂ ਨੂੰ ਕੀਟਨਾਸ਼ਕ ਦਵਾਈਆਂ ਦੀ ਖ਼ਰੀਦ ਵਿਚ ਇਕ ਸਾਜ਼ਿਸ਼ ਤਹਿਤ ਫਸਾਉਣ ਲਈ ਜਾਲ ਬੁਣਨਾ ਸ਼ੁਰੂ ਕਰ ਦਿੱਤਾ ਸੀ। ਜਿਸ ਦੀ ਭਿਣਕ ਸੰਧੂ ਨੂੰ ਇਕ ਮਹੀਨਾ ਪਹਿਲਾਂ ਹੀ ਲੱਗ ਗਈ ਸੀ, ਜਿਸ ਕਰਕੇ ਉਹ ਪਹਿਲਾਂ ਨਾਲੋਂ ਵਧੇਰੇ ਚੌਕਸ ਰਹਿਣ ਲੱਗ ਪਏ ਸਨ।
ਖੇਤੀਬਾੜੀ ਮੰਤਰੀ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ : ਸੰਧੂ
ਕੀਟਨਾਸ਼ਕ ਦਵਾਈਆਂ ਦੀ ਖ਼ਰੀਦ ਮਾਮਲੇ ਨਾਲ ਸਬੰਧਤ ਛੇੜਛਾੜ ਅਤੇ ਫਾਈਲ ਨੂੰ ਖੁਰਦ-ਬੁਰਦ ਕਰਨ ਦੀ ਕਥਿਤ ਸਾਜ਼ਿਸ਼ ਸਬੰਧੀ ਜਦੋਂ ਮੁੜ ਬਣੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਤੋਂ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਹੀ ਮਾਨਸਿਕ ਪਰੇਸ਼ਾਨੀ ਵਿਚੋਂ ਲੰਘ ਰਿਹਾ ਹਾਂ। ਮੇਰੀ 35 ਸਾਲ ਦੀ ਸਰਵਿਸ ਦਰਮਿਆਨ ਕਦੇ ਵੀ ਮੇਰੇ 'ਤੇ ਕੋਈ ਦਾਗ਼ ਨਹੀਂ ਲੱਗਿਆ ਸੀ ਅਤੇ ਨਾ ਹੀ ਮੈਂ ਕਦੇ ਆਪਣੀ ਨੌਕਰੀ ਤੇ ਸਰਕਾਰ ਨਾਲ ਕਦੇ ਗੱਦਾਰੀ ਕੀਤੀ ਹੈ। ਸੰਧੂ ਨੂੰ ਜਦੋਂ ਖੇਤੀਬਾੜੀ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਸਬੰਧੀ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ 'ਮੈਂ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਖ਼ਿਲਾਫ਼ ਕੋਈ ਪ੫ੈਸ ਵਿਚ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਮੈਂ ਪ੫ੋਟੋਕਾਲ ਦੀ ਕੋਈ ਮਰਿਆਦਾ ਭੰਗ ਕੀਤੀ ਹੈ।' ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਕਈ ਥਾਈਂ ਤਰੋੜ-ਮਰੋੜ ਕੇ ਜ਼ਰੂਰ ਪੇਸ਼ ਕੀਤਾ ਗਿਆ ਹੈ।
ਡਾਇਰੈਕਟਰ ਖੇਤੀਬਾੜੀ ਡਾ. ਸੰਧੂ ਨੇ ਮੁੜ ਅਹੁਦਾ ਸੰਭਾਲਿਆ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਡਾ. ਮੰਗਲ ਸਿੰਘ ਸੰਧੂ ਨੇ ਮੰਗਲਵਾਰ ਬਾਅਦ ਦੁਪਹਿਰ ਮੁੜ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੇ ਨਕਲਚੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਉਹ ਸਿਕੰਜ਼ੇ ਵਿਚ ਹੋਣਗੇ।