ਕਰਾਈਮ ਰਿਪੋਰਟਰ ਜਲੰਧਰ : ਇਲੈਕਟਿ੫ਸ਼ਿਨ ਨੂੰ ਜਬਰੀ ਗੱਡੀ 'ਚ ਪਾ ਕੇ ਉਸ 'ਤੇ ਚਿੱਟੇ ਦਾ ਪਰਚਾ ਦਰਜ ਕਰਨ ਦੀ ਧਮਕੀਆਂ ਦੇ ਕੇ ਇਕ ਲੱਖ ਦੀ ਨਕਦੀ ਲੈਣ ਵਾਲੇ ਪੁਲਸ ਲਾਈਨ ਦੇ ਸਬ ਇੰਸਪੈਕਟਰ ਹੀਰਾ ਸਿੰਘ, ਏਐਸਆਈ ਜਸਵਿੰਦਰ ਸਿੰਘ ਸਣੇ ਬਰਖ਼ਾਸਤ ਗ੍ਰੀਨ ਐਵਨਿਊ ਵਾਸੀ ਗੋਮਗਾਰਡ ਸੁਭਾਸ਼ ਤੇ ਉਸਦੀ ਪਤਨੀ ਕੁਲਦੀਪ ਕੌਰ ਖ਼ਿਲਾਫ ਬਲੈਕਮੇਲਿੰਗ, ਕਰੱਪਸ਼ਨ ਤੇ ਹੋਰ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਐਫਆਈਆਰ ਦਰਜ ਹੋਣ ਉਪਰੰਤ ਐਸਆਈ ਹੀਰਾ ਸਿੰਘ ਤੇ ਏਐਸਆਈ ਜਸਵਿੰਦਰ ਸਿੰਘ ਪੁਲਸ ਲਾਈਨ ਸਥਿਤ ਆਪਣੇ ਕਵਾਟਰਾਂ ਨੂੰ ਜਦਕਿ ਬਰਖ਼ਾਸਤ ਹੋਮਗਾਰਡ ਸੁਭਾਸ਼ ਆਪਣੀ ਪਤਨੀ ਸਣੇ ਘਰ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਹਨ। ਵੀਰਵਾਰ ਨੂੰ ਪੁਲਸ ਨੇ ਸਾਰੇ ਮੁਲਾਜ਼ਮਾਂ ਦੀ ਭਾਲ 'ਚ ਕਈ ਇਲਾਕਿਆਂ 'ਚ ਛਾਪਾਮਾਰੀ ਕੀਤੀ ਪਰ ਗਿ੍ਰਫ਼ਤਾਰੀ ਨਹੀਂ ਹੋ ਸਕੀ। ਥਾਣਾ ਅੱਠ ਦੇ ਮੁਖੀ ਬਿਮਲ ਕਾਂਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ 'ਚ ਜਲੰਧਰ ਸਣੇ ਫਗਵਾੜਾ ਅਤੇ ਨਕੋਦਰ ਵਿਖੇ ਪੁਲਸ ਟੀਮਾਂ ਭੇਜਿਆ ਗਈਆਂ ਸਨ ਪਰ ਉਨ੍ਹਾਂ ਦਾ ਸੁਰਾਗ ਨਹੀਂ ਮਿਲਿਆ। ਸਾਰੇ ਮੁਲਜ਼ਮਾਂ ਦੇ ਮੋਬਾਈਲ ਵੀ ਬੰਦ ਹਨ ਜਦਕਿ ਆਖ਼ਰੀ ਲੋਕੇਸ਼ਨ ਵੀ ਜਲੰਧਰ ਦੀ ਹੀ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਹੋਮਗਾਰਡ ਸੁਭਾਸ਼ ਪਹਿਲਾਂ ਵੀ ਬਲੈਕਮੇਲਿੰਗ ਦੇ ਮਾਮਲੇ 'ਚ ਹੀ ਡਿਸਮਿਸ ਹੋ ਚੁੱਕਾ ਹੈ ਤੇ ਲਗਾਤਾਰ ਉਸ ਤੋਂ ਬਾਅਦ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ। ਧਿਆਨਯੋਗ ਹੈ ਕਿ ਇਨ੍ਹਾਂ ਪੁਲਸ ਮੁਲਾਜ਼ਮਾਂ ਨੇ 7 ਮਈ ਨੂੰ ਲੰਮਾ ਪਿੰਡ ਚੌਕ ਨੇੜਿਓਂ ਬਿਜਲੀ ਮਕੈਨਿਕ ਮੋਹਨ ਲਾਲ ਨੂੰ ਕਾਰ 'ਚ ਜ਼ਬਰੀ ਬਿਠਾ ਲਿਆ ਸੀ ਤੇ ਨਸ਼ੀਲਾ ਪਾਊਡਰ ਪਾਉਣ ਦੀ ਧਮਕੀ ਦੇ ਕੇ ਚਾਰ ਲੱਖ ਦੀ ਨਕਦੀ ਮੰਗੀ ਸੀ। ਕਿਸੇ ਤਰ੍ਹਾਂ ਮੋਹਨ ਲਾਲ ਨੇ ਇਕ ਲੱਖ ਰੁਪਇਆ ਮੁਲਾਜ਼ਮਾਂ ਨੂੰ ਕਿਸ਼ਨਪੁਰਾ 'ਚ ਦੇ ਦਿੱਤਾ ਅਤੇ ਬਾਅਦ 'ਚ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਇਨ੍ਹਾਂ ਨੇ ਹੀ ਗੀਤਾ ਕਾਲੋਨੀ ਵਾਸੀ 32 ਸਾਲ ਦੀ ਅੌਰਤ ਨੂੰ ਵੀ ਬਲੈਕਮੇਲ ਕਰਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਲਈਆਂ ਅਤੇ ਉਸ ਤੋਂ ਫਿਰ 50 ਹਜ਼ਾਰ ਦੀ ਮੰਗ ਕਰਨ ਲੱਗ ਪਏ ਸਨ।
↧