ਜੇਐਨਐਨ, ਜਲੰਧਰ : ਗ੍ਰੇਟਰ ਕੈਲਾਸ਼ 'ਚ ਕਿਰਾਏ 'ਤੇ ਰਹਿਣ ਵਾਲੇ ਐਮਆਰ ਪਿ੍ਰੰਸ ਧੀਮਾਨ ਦੀ ਪਤਨੀ ਰੋਮਿਤ ਨੇ ਸ਼ੱਕੀ ਹਾਲਾਤ 'ਚ ਫਾਹਾ ਲਗਾ ਕੇ ਜਾਨ ਦੇ ਦਿੱਤੀ। ਪਿ੍ਰੰਸ ਆਪਣੇ ਮਕਾਨ ਮਾਲਕ ਦੀ ਸਹਾਇਤਾ ਨਾਲ ਪੁਲਸ ਨੂੰ ਬਿਨਾਂ ਦੱਸੇ ਪਤਨੀ ਦੀ ਲਾਸ਼ ਲੈ ਕੇ ਜਾ ਰਿਹਾ ਸੀ, ਤਦੇ ਸੂਚਨਾ ਮਿਲਣ 'ਤੇ ਥਾਣਾ-1 ਦੇ ਐਸਐਚਓ ਬਲਬੀਰ ਸਿੰਘ ਨੇ ਪੀਏਪੀ ਚੌਕ 'ਚ ਫੜ ਲਿਆ। ਪੁਲਸ ਨੇ ਪੁੱਛਗਿੱਛ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਭੇਜ ਦਿੱਤਾ। ਪੁੱਛਗਿੱਛ 'ਚ ਇਕ ਦਵਾਈ ਕੰਪਨੀ 'ਚ ਮੈਡੀਕਲ ਪ੍ਰਤੀਨਿਧ ਅੰਬਾਲਾ ਕੈਂਟ ਵਾਸੀ ਪਿ੍ਰੰਸ ਨੇ ਦੱਸਿਆ ਕਿ ਉਸਦਾ ਦੋ ਸਾਲ ਪਹਿਲਾਂ ਵਿਆਹ ਪਟਿਆਲਾ ਦੇ ਲਾਡਲੋ ਪਿੰਡ ਵਾਸੀ ਰੋਮਿਤ ਨਾਲ ਹੋਇਆ ਸੀ। ਕੁਝ ਮਹੀਨੇ ਪਹਿਲਾਂ ਉਸਦੀ ਜਲੰਧਰ 'ਚ ਬਦਲੀ ਹੋਣ 'ਤੇ ਢਾਈ ਮਹੀਨੇ ਪਹਿਲਾਂ ਉਹ ਪਤਨੀ ਰੋਮਿਤ ਨਾਲ ਗ੍ਰੇਟਰ ਕੈਲਾਸ਼ 'ਚ ਕਿਰਾਏ 'ਤੇ ਰਹਿ ਰਿਹਾ ਸੀ। ਪਿ੍ਰੰਸ ਨੇ ਕਿਹਾ ਕਿ ਮੰਗਲਵਾਰ ਨੂੰ ਉਹ ਆਪਣੇ ਕੰਮ 'ਤੇ ਚਲਾ ਗਿਆ। ਦੁਪਹਿਰ 1 ਵਜੇ ਪਤਨੀ ਨੂੰ ਫੋਨ ਕੀਤਾ ਪਰ ਉਸਨੇ ਚੁੱਕਿਆ ਨਹੀਂ। ਇਸ ਤੋਂ ਬਾਅਦ ਉਹ ਦੋ ਵਜੇ ਖਾਣਾ ਖਾਣ ਲਈ ਆਇਆ ਤਾਂ ਦੇਖਿਆ ਕਿ ਬਾਹਰ ਦਾ ਦਰਵਾਜ਼ਾ ਖੁੱਲਾ ਹੈ ਪਰ ਪਤਨੀ ਘਰ ਨਹੀਂ ਹੈ। ਉਸਨੇ ਪਹਿਲਾਂ ਗੁਆਂਢ 'ਚ ਦੇਖਿਆ ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਉਸਨੇ ਅੰਦਰ ਵਾਲੇ ਕਮਰੇ 'ਚ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫ਼ੀ ਖੜਕਾਇਆ ਪਰ ਨਾ ਖੁੱਲਣ 'ਤੇ ਮਕਾਨ ਮਾਲਕ ਦੇ ਨਾਲ ਮਿਲ ਕੇ ਤੋੜ ਦਿੱਤਾ। ਅੰਦਰ ਦੇਖਿਆ ਤਾਂ ਪਤਨੀ ਫਾਹੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਹੇਠਾਂ ਉਤਾਰ ਕੇ ਉਸਨੂੰ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਉਸਨੂੰ ਮਿ੍ਰਤਕ ਕਰਾਰ ਦਿੱਤਾ ਗਿਆ। ਲਾਸ਼ ਲੈ ਕੇ ਭੱਜਣ 'ਤੇ ਪੁੱਛਗਿੱਛ 'ਚ ਪਿ੍ਰੰਸ ਦਾ ਕਹਿਣਾ ਸੀ ਕਿ ਮਿ੍ਰਤਕ ਕਰਾਰ ਦਿੱਤੇ ਜਾਣ ਤੋਂ ਬਾਅਦ ਉਸਨੇ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਹੀ ਲਾਸ਼ ਦੇ ਅੰਤਮ ਸਸਕਾਰ ਵਾਸਤੇ ਲਿਆਉਣ ਨੂੰ ਕਿਹਾ ਸੀ। ਇਸ ਕਰਕੇ ਉਹ ਲਾਸ਼ ਲੈ ਕੇ ਜਾ ਰਿਹਾ ਸੀ। ਉੱਥੇ ਹੀ ਏਸੀਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਮਿ੍ਰਤਕਾ ਰੋਮਿਤ ਦੇ ਪਿਤਾ ਕੇਸ਼ੋਰਾਮ ਤੇ ਭਰਾ ਜਗਮੋਹਨ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
↧