ਗੁਰਿੰਦਰ ਅੌਲਖ, ਭੀਖੀ : ਦੇਸ਼ ਅੰਦਰ ਕੇਂਦਰ ਤੇ ਰਾਜ ਸਰਕਾਰਾਂ ਆਪਣੇ-ਆਪਣੇ ਸੂਬਿਆਂ 'ਚ ਬਾਲ ਦਿਵਸ ਬੜੇ ਧੜੱਲੇ ਨਾਲ਼ ਮਨਾ ਰਹੀਆਂ ਹਨ। ਚੁਣਵੇਂ ਪਰਿਵਾਰਾਂ ਦੇ ਬੱਚਿਆਂ ਨਾਲ ਪ੫ਸ਼ਾਸਨਕ ਅਧਿਕਾਰੀਆਂ, ਮੰਤਰੀਆਂ ਤੇ ਵਿਧਾਇਕਾਂ ਆਦਿ ਫੋਟੋ ਕਰਵਾਕੇ ਮੀਡੀਏ ਰਾਹੀਂ ਸੁਰਖੀਆਂ ਬਟੋਰੀਆਂ ਜਾ ਰਹੀਆਂ ਹਨ। ਬਾਲ ਦਿਵਸ ਦੇ ਸਮਾਰੋਹ ਲਈ ਸਰਕਾਰੀ ਸਕੂਲ ਨਹੀਂ, ਬਲਕਿ ਕਾਨਵੈਂਟ ਸਕੂਲਾਂ 'ਚ ਕਰਵਾਏ ਜਾਂਦੇ ਹਨ, ਜਦੋਂਕਿ ਕੱਲ੍ਹ ਦੇ ਨੇਤਾ ਅਖਵਾਉਣ ਵਾਲੇ ਗਰੀਬ ਪਰਿਵਾਰਾਂ ਦੇ ਬੱਚੇ ਸ਼ਹਿਰ ਦੀ ਗੰਦਗੀ 'ਚੋਂ ਅਮੀਰਾਂ ਦੁਆਰਾ ਸਿੱਟੀਆਂ ਜੂਠੀਆਂ ਚੀਜ਼ਾਂ ਨੂੰ ਭਾਲ ਕੇ ਖਾਣ ਲਈ ਮਜਬੂਰ ਹਨ। ਅਜ਼ਾਦੀ ਦੇ 68 ਸਾਲ ਬਾਅਦ ਵੀ ਬੱਚਿਆਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਬਾਲ ਦਿਵਸ 'ਤੇ ਦੇਖਿਆ ਗਿਆ ਕਿ ਬਹੁਤੇ ਦਲਿਤ ਪਰਿਵਾਰਾਂ ਨੂੰ ਤਾਂ ਬਾਲ ਦਿਵਸ ਬਾਰੇ ਕੁਝ ਪਤਾ ਹੀ ਨਹੀਂ। ਬਾਲ ਦਿਵਸ ਕੇਵਲ ਅਮੀਰਾਂ ਲਈ ਜਾ ਸਰਕਾਰ ਲਈ ਹੀ ਮਹੱਤਤਾ ਰੱਖਦੇ ਹਨ। ਛੇ ਸਾਲ ਤੋਂ ਲੈ ਕੇ 13 ਸਾਲ ਦੇ ਜ਼ਿਆਦਾਤਰ ਬੱਚੇ ਪਰਿਵਾਰ ਦੀਆਂ ਥੁੜਾਂ ਨੂੰ ਪੂਰਾ ਕਰਨ ਲਈ ਚਾਹ ਦੀਆਂ ਦੁਕਾਨਾਂ, ਹੋਟਲਾਂ, ਢਾਬੇ 'ਤੇ ਬਾਲ ਮਜ਼ਦੂਰੀ ਕਰ ਰਹੇ ਹਨ। ਇਸ ਤੋਂ ਇਲਾਵਾ ਸਿਗਲੀਗਰ, ਢਹੇ, ਜੋਗੀਆਂ ਦੇ ਬੱਚੇ ਸਵੇਰੇ ਮੂੰਹ ਹਨੇਰੇ ਦੁਕਾਨਾਂ ਅੱਗੋਂ ਕਾਗਜ਼, ਗੱਤਾ, ਲਿਫ਼ਾਫੇ, ਖਾਲ੍ਹੀ ਪਲਾਸਿਟਕ ਤੇ ਕੱਚ ਦੀਆਂ ਬੋਤਲਾਂ ਤੇ ਹੋਰ ਵਾਧੂ ਸਮਾਨ ਚੁੱਕਦੇ ਆਮ ਦੇਖੇ ਜਾ ਸਕਦੇ ਹਨ। ਸਰਕਾਰ ਸਭ ਲਈ ਲਾਜ਼ਮੀ ਸਿੱਖਿਆ ਦੇ ਕਾਨੂੰਨ ਦੀ ਗੱਲ ਤਾਂ ਕਰਦੀ ਹੈ, ਪਰ ਬਹੁਤੇ ਬੱਚੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਮਜਬੂਰੀਵੱਸ ਸਕੂਲ ਜਾਣਾ ਨਸੀਬ ਨਹੀਂ ਹੁੰਦਾ। ਸਰਕਾਰ ਨੇ ਬਾਲ ਮਜ਼ਦੂਰੀ ਵਿਰੁੱਧ ਬੇਸ਼ੱਕ ਕਾਨੂੰਨ ਬਣਾਏ ਹੋਏ ਹਨ ਪਰ ਜ਼ਮੀਨੀ ਪੱਧਰ 'ਤੇ ਇਸ ਸਬੰਧੀ ਨਾ ਤਾਂ ਜਾਗਰੂਕਤਾ ਹੈ ਤੇ ਨਾ ਹੀ ਕਾਨੂੰਨ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ।