ਨਵੀਂ ਦਿੱਲੀ : ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਨੇ ਗੇਂਦਬਾਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਹਮਲੇ ਤੋਂ ਬਚਣ ਲਈ ਉਨ੍ਹਾਂ ਨੂੰ ਸਿੱਧੀ ਗੇਂਦ ਸੁੱਟਣ ਦੀ ਥਾਂ ਲੈਗ ਸਟੰਪ ਜਾਂ ਫਿਰ ਆਫ ਸਟੰਪ ਦੇ ਬਾਹਰ ਗੇਂਦਬਾਜ਼ਾ ਕਰੋ।
ਆਸਟ੍ਰੇਲੀਆ ਦੇ ਇਸ ਸਾਬਕਾ ਗੇਂਦਬਾਜ਼ ਨੇ ਕਿਹਾ ਕਿ ਜੇਕਰ ਤੁਸੀਂ ਕੋਹਲੀ ਨੂੰ ਗੇਂਦਬਾਜ਼ੀ ਕਰ ਰਹੇ ਹੋ ਤਾਂ ਲੈਗ ਸਟੰਪ 'ਤੇ ਗੇਂਦਬਾਜ਼ੀ ਕਰੋ ਅਤੇ ਫੀਲਡਿੰਗ ਉਧਰ ਹੀ ਰੱਖੋ ਅਤੇ ਜੇਕਰ ਤੁਸੀਂ ਆਫ਼ ਸਟੰਪ ਦੇ ਬਾਹਰ ਗੇਂਦਬਾਜ਼ੀ ਕਰ ਰਹੇ ਹੋ ਤਾਂ ਫੀਲਡਿੰਗ ਵੀ ਉਸੇ ਪਾਸੇ ਰੱਖੋ। ਤੁਸੀਂ ਉਨ੍ਹਾਂ ਨੂੰ ਵਿਕਟ ਟੂ ਵਿਕਟ ਗੇਂਦਬਾਜ਼ੀ ਨਹੀਂ ਕਰ ਸਕਦੇ। ਉਹ ਮੈਦਾਨ ਦੇ ਦੋਵੇਂ ਪਾਸੇ ਸ਼ਾਟ ਮਾਰ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੈਦਾਨ ਦੇ ਇਕ ਹਿੱਸੇ 'ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ। ਕਿਸੇ ਵੀ ਚੰਗੇ ਬੱਲੇਬਾਜ਼ ਨੂੰ ਤੁਹਾਨੂੰ ਮੈਦਾਨ ਦੇ ਇਕ ਹਿੱਸੇ ਦਾ ਬਚਾਅ ਕਰਕੇ ਗੇਂਦਬਾਜ਼ੀ ਕਰਨੀ ਚਾਹੀਦੀ ਹੈ।'
ਵਾਰਨ ਨੇ ਕੋਹਲੀ ਨੂੰ ਹਾਲਾਂਕਿ ਦੁਨੀਆ ਦਾ ਸਰਬਸ੍ਰੇਸ਼ਠ ਬੱਲੇਬਾਜ਼ ਨਹੀਂ ਮੰਨਿਆ, ਪਰ ਕਿਹਾ ਕਿ ਉਨ੍ਹਾਂ ਵਨ-ਡੇ 'ਚ ਅਜਿਹੇ 'ਪ੍ਰਭੂਤਵ' ਵਾਲਾ ਖਿਡਾਰੀ ਨਹੀਂ ਵੇਖਿਆ। ਉਨ੍ਹਾਂ ਕਿਹਾ, 'ਮੇਰੇ ਤੋਂ ਇਹ ਸਵਾਲ ਵਾਰ-ਵਾਰ ਪੁੱਛਿਆ ਜਾਂਦਾ ਹੈ ਕਿ ਕੀ ਵਿਰਾਟ ਵਨ-ਡੇ ਦੇ ਸਰਬਸ੍ਰੇਸ਼ਠ ਖਿਡਾਰੀ ਹਨ? ਕੀ ਉਹ ਸਚਿਨ ਤੇਂਦੁਲਕਰ ਤੇ ਬ੍ਰਾਇਨ ਲਾਰਾ ਤੋਂ ਬਿਹਤਰ ਹਨ? ਤਾਂ ਮੈਂ ਇਸ ਬਾਰੇ ਅਜੇ ਵੀ ਸੋਚ ਰਿਹਾ ਹਾਂ। ਇਸ ਦਾ ਜਵਾਬ ਲੱਭ ਰਿਹਾ ਹਾਂ। ਮੈਂ ਇਕ ਗੱਲ ਕਹਿ ਸਕਦਾ ਹਾਂ ਕਿ ਮੈਂ ਵਨ-ਡੇ ਕ੍ਰਿਕਟ 'ਚ ਕਿਸੇ ਵੀ ਖਿਡਾਰੀ ਨੂੰ ਵਿਰਾਟ ਵਾਂਗ ਦਬਦਬਾ ਬਣਾ ਕੇ ਖੇਡਦੇ ਹੋਏ ਨਹੀਂ ਵੇਖਿਆ ਹੈ। ਡਾਨ ਬ੍ਰੈਡਮੈਨ ਸਰਬਸ੍ਰੇਸ਼ਠ ਰਹੇ ਹਨ, ਪਰ ਕੋਹਲੀ ਉਨ੍ਹਾਂ ਦੇ ਕਰੀਬ ਨਹੀਂ ਪੁੱਜੇ ਹਨ। ਮੈਂ ਜਿੰਨਾ ਕ੍ਰਿਕਟ ਵੇਖਿਆ ਹੈ ਉਸ 'ਚ ਵਿਵ ਰਿਚਰਡਜ਼ ਸਰਬਸ੍ਰੇਸ਼ਠ ਖਿਡਾਰੀ ਰਹੇ ਹਨ। ਜਿਨ੍ਹਾਂ ਖਿਡਾਰੀਆਂ ਖ਼ਿਲਾਫ਼ ਮੈਂ ਖੇਡਿਆ ਹਾਂ, ਉਸ 'ਚ ਲਾਰਾ ਤੇ ਤੇਂਦੁਲਕਰ ਸਰਬਸ੍ਰੇਸ਼ਠ ਰਹੇ ਹਨ'।