ਕੇਕੇ ਗਗਨ, ਜਲੰਧਰ : ਕੇਵਲ ਵਿੱਗ ਫਾਊਂਡੇਸ਼ਨ ਵੱਲੋਂ ਸਾਲ 2015 ਲਈ ਡਾ. ਗੁਰਬਚਨ ਸਿੰਘ ਰਾਹੀ ਤੇ ਆਰਿਫ਼ ਗੋਬਿੰਦਪੁਰੀ ਨੂੰ 'ਕੇਵਲ ਵਿੱਗ ਐਵਾਰਡ-2015' ਬਤੌਰ ਬੇਹਤਰੀਨ ਲੇਖਕ ਤੇ ਬੇਹਤਰੀਨ ਸ਼ਾਇਰ ਵਜੋਂ ਅੱਜ 4 ਦਸੰਬਰ ਨੂੰ ਜਲੰਧਰ ਦੇ ਕੇਐਲ ਸਹਿਗਲ ਮੈਮੋਰੀਅਲ ਹਾਲ, ਸਾਹਮਣੇ ਦੂਰਦਰਸ਼ਨ ਕੇਂਦਰ ਵਿਖੇ ਬਾਅਦ ਦੁਪਹਿਰ 3 ਵਜੇ ਸਨਮਾਨਤ ਕੀਤਾ ਜਾਵੇਗਾ। ਇਹ ਐਵਾਰਡ ਪ੍ਰਮੁੱਖ ਪੱਤਰਕਾਰ ਤੇ ਸਾਹਿਤ ਪ੍ਰੇਮੀ ਸਵ. ਕੇਵਲ ਵਿੱਗ ਦੀ ਯਾਦ 'ਚ ਸਥਾਪਤ ਹੈ ਤੇ ਸਾਹਿਤ ਦੇ ਖੇਤਰ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਹਰ ਸਾਲ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਇਹ ਸਨਮਾਨ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਦੀ ਗਿਣਤੀ 49 ਹਨ ਜਿਨ੍ਹਾਂ 'ਚ ਡਾ. ਗੁਰਬਚਨ ਸਿੰਘ ਰਾਹੀ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਇਕ ਵਗਦਾ ਦਰਿਆ ਹੈ। ਉਹ ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਸਿਰੜੀ, ਸੰਜੀਦਾ, ਸੁਹਿਰਦ, ਪ੍ਰਤਿਬੱਧ ਤੇ ਅਨੁਸ਼ਾਸਨ ਪਸੰਦ ਸ਼ਖਸੀਅਤ ਹਨ। ਭਾਸ਼ਾ ਵਿਭਾਗ ਪੰਜਾਬ 'ਚ ਸਹਾਇਕ ਡਾਇਰੈਕਟਰ/ਜ਼ਿਲ੍ਹਾ ਭਾਸ਼ਾ ਅਫਸਰ ਵਜੋਂ ਲਗਪਗ 15 ਸਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਪ੍ਰਤੀ ਨੀਤੀ ਨੂੰ ਹੂ-ਬ-ਹੂ ਲਾਗੂ ਕਰਨ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀ ਸਮੱਗਰੀ 'ਚ ਤਕਨੀਕੀ ਵਿਸ਼ਿਆਂ ਦੀਆਂ ਅੰਗਰੇਜ਼ੀ-ਪੰਜਾਬੀ ਸ਼ਬਦਾਵਲੀਆਂ ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਡਾਕਟਰ ਰਾਹੀ ਨੇ ਜਿੱਥੇ ਭਾਸ਼ਾ ਦੇ ਮੁਕੰਮਲ ਗਿਆਨ ਨੂੰ ਪ੍ਰਾਪਤ ਕਰਨ ਦੇ ਯਤਨ ਕੀਤੇ ਉਥੇ ਉਨ੍ਹਾਂ ਆਪਣੇ 'ਚ ਪ੍ਰਵੀਨਤਾ ਲਿਆਉਣ ਲਈ ਪੀਐਚਡੀ, ਫ਼ਾਰਸੀ ਤੇ ਉਰਦੂ ਭਾਸ਼ਾਵਾਂ ਦਾ ਉੱਚ ਗਿਆਨ ਹਾਸਲ ਕੀਤਾ।
ਆਰਿਫ਼ ਗੋਬਿੰਦਪੁਰੀ ਉਰਦੂ ਤੇ ਪੰਜਾਬੀ ਦਾ ਸਥਾਪਿਤ ਸ਼ਾਇਰ ਹੈ, ਉਸ ਦੀਆਂ ਗ਼ਜ਼ਲਾਂ 'ਚ ਫ਼ਕੀਰਾਨਾ, ਸੂਫ਼ੀਆਨਾ ਤੇ ਮਨੁੱਖੀ ਪਿਆਰ ਦੇ ਸਜੀਵ ਤਤ ਉਜਾਗਰ ਹੁੰਦੇ ਹਨ। ਆਰਿਫ਼ ਗੋਬਿੰਦਪੁਰੀ ਦਾ ਜੀਵਨ ਪੰਧ ਅਤੇ ਇਸ ਦੀ ਗ਼ਜ਼ਲੀਅਤ ਦਾ ਸਰੋਤ-ਬਿੰਦੂ, ਸੰਘਰਸ਼ ਅਤੇ ਸੱਚੀ-ਸੁੱਚੀ ਕਿਰਤ ਹੈ। ਆਰਿਫ਼ ਦੀ ਸ਼ਾਇਰੀ 'ਚ ਬੜੀ ਹੀ ਸਾਦਗੀ, ਰਵਾਨੀ, ਤੁਗ਼ਜ਼ਲ ਤੇ ਚੁਸਤੀ ਹੈ। ਆਰਿਫ਼ ਦੀਆਂ ਗ਼ਜ਼ਲਾਂ ਦੀ ਮੁਹਾਵਰਾ ਆਰਾਈ, ਗ਼ਜ਼ਲ ਦੀ ਸਲਾਸਤ, ਸ਼ਬਦਾਂ ਦਾ ਰਖ ਰਖਾਉ ਉਸ ਨੂੰ 'ਦਾਗ਼ ਗ਼ਜ਼ਲ' ਸਕੂਲ ਨਾਲ ਜੋੜਦੇ ਹਨ। ਉਨ੍ਹਾਂ ਦੇ ਦੋ ਗ਼ਜ਼ਲ ਸੰਗ੍ਰਹਿ 'ਮੇਰੇ ਤੁਰ ਜਾਣ ਦੇ ਮਗਰੋਂ' ਤੇ 'ਕੌਨ ਹੈ ਆਰਿਫ਼' ਸਾਹਿਤਕ ਜਗਤ ਦਾ ਸ਼ਿੰਗਾਰ ਬਣੇ ਹੋਏ ਹਨ। ਡਾ. ਗੁਰਬਚਨ ਸਿੰਘ ਰਾਹੀ ਤੇ ਆਰਿਫ ਗੋਬਿੰਦਪੁਰੀ ਵਰਗੀਆਂ ਮਾਣਮਤੀ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਕੇ 'ਕੇਵਲ ਵਿੱਗ ਐਵਾਰਡ-2015' ਮਾਣ ਮਹਿਸੂਸ ਕਰ ਰਿਹਾ ਹੈ।