ਸਟਾਫ ਰਿਪੋਰਟਰ, ਮਾਨਸਾ : ਪਿੰਡ ਖਾਰਾ ਦੇ ਕਿਸਾਨ ਰੇਸ਼ਮ ਸਿੰਘ (40) ਪੁੱਤਰ ਮਹਿੰਦਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੫ਤਕ ਕਿਸਾਨ ਆਪਣੇ ਪਿੱਛੇ ਪਤਨੀ, ਲੜਕੀ ਅਤੇ ਬਜ਼ੁਰਗ ਮਾਪੇ ਛੱਡ ਗਿਆ ਹੈ। ਕਿਸਾਨ ਰੇਸ਼ਮ ਸਿੰਘ ਰਾਤ ਵੇਲੇ ਆਪਣੇ ਪਰਿਵਾਰ ਨੂੰ ਖੇਤਾਂ ਨੂੰ ਪਾਣੀ ਲਾਉਣ ਲਈ ਕਹਿ ਕੇ ਚਲਾ ਗਿਆ ਤੇ ਉਥੇ ਉਸ ਨੇ ਖੇਤ ਵਿਚ ਨਿੰਮ ਦੇ ਦਰੱਖ਼ਤ 'ਤੇ ਫਾਹਾ ਲੈ ਲਿਆ। ਉਸ ਦੇ ਚਾਚਾ ਮਹਿੰਦਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਸੀ। ਕਰਜ਼ੇ ਕਾਰਨ ਉਹ ਜ਼ਮੀਨ ਵੇਚਦਾ ਰਿਹਾ ਤੇ ਹੁਣ ਉਸ ਕੋਲ ਸਿਰਫ ਦੋ ਕਨਾਲਾਂ ਜ਼ਮੀਨ ਬਚੀ ਸੀ। ਉਸ ਦੀ ਨਰਮੇ ਦੀ ਫ਼ਸਲ ਚਿੱਟੇ ਮੱਛਰ ਕਾਰਨ ਖ਼ਰਾਬ ਹੋ ਗਈ ਸੀ। ਕੁਝ ਦਿਨ ਪਹਿਲਾਂ ਉਸ ਨੇ ਢਾਈ ਕਨਾਲ ਜ਼ਮੀਨ ਵੇਚੀ ਪਰ ਕਰਜ਼ਾ ਨਹੀਂ ਉਤਰਿਆ। ਹਾਲੇ ਵੀ 6 ਲੱਖ ਰੁਪਏ ਕਰਜ਼ਾ ਬਾਕੀ ਰਹਿ ਗਿਆ ਸੀ। ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟ ਮਾਰਟਮ ਕਰਵਾ ਕੇ ਮਿ੍ਰਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਕਿਸਾਨ ਆਗੂ ਬੱਲਮ ਸਿੰਘ ਮੱਤੀ ਤੇ ਸੁਖਵੀਰ ਸਿੰਘ ਖਾਰਾ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
↧