ਪੱਤਰ ਪ੍ਰੇਰਕ, ਜਲੰਧਰ : ਕੌਂਸਲਰਾਂ ਨੂੰ ਡਕੈਤ ਕਹਿਣ ਦੇ ਮਾਮਲੇ 'ਚ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਐਸਟੀਪੀ ਸ਼ਕਤੀ ਸਾਗਰ ਭਾਟੀਆ ਦਾ ਤਬਾਦਲਾ ਅੰਮਿ੍ਰਤਸਰ ਨਿਗਮ 'ਚ ਕਰ ਦਿੱਤਾ ਗਿਆ ਹੈ। ਨਾਲ ਹੀ ਐਮਟੀਪੀ ਤੇਜਪ੍ਰੀਤ ਸਿੰਘ ਨੂੰ ਵੀ ਅੰਮਿ੍ਰਤਸਰ ਹੀ ਭੇਜਿਆ ਗਿਆ ਹੈ। ਪਰ ਹਾਲੇ ਤਕ ਨਾ ਹੀ ਐਮਟੀਪੀ ਤੇ ਐਸਟੀਪੀ ਰਿਲੀਵ ਹੋਏ ਹਨ ਤੇ ਨਾ ਹੀ ਉਨ੍ਹਾਂ ਦੀ ਜਗ੍ਹਾ ਅੰਮਿ੍ਰਤਸਰ ਦੇ ਐਸਟੀਪੀ ਹੇਮੰਤ ਬਤਰਾ ਤੇ ਐਮਟੀਪੀ ਦੇਸਰਾਜ ਜਲੰਧਰ ਆਏ ਹਨ। ਪਰ ਇਸ ਦੌਰਾਨ ਦੇਸਰਾਜ ਨੇ ਆਪਣੇ ਤਬਾਦਲੇ ਦੇ ਹੁਕਮ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਕੋਰਟ ਨੇ ਤਬਾਦਲੇ 'ਤੇ ਰੋਕ ਲਗਾ ਦਿੱਤੀ ਹੈ। ਪਰ ਮਾਮਲੇ ਦੀ ਸੁਣਵਾਈ ਦੇਸਰਾਜ ਦੀ ਰਿਟਾਇਰਮੈਂਟ ਦੇ ਦੋ ਦਿਨ ਬਾਅਦ ਹੋਵੇਗੀ। ਤਬਾਦਲੇ 'ਤੇ ਕੋਰਟ ਦੀ ਰੋਕ ਦੇ ਬਾਅਦ ਸਥਾਨਕ ਸਰਕਾਰਾਂ ਬਾਰੇ ਵਿਭਾਗ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।
17 ਦਸੰਬਰ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਜਾਰੀ ਹੁਕਮ 'ਚ ਅੰਮਿ੍ਰਤਸਰ ਦੇ ਐਮਟੀਪੀ ਦੇਸਰਾਜ ਨੂੰ ਜਲੰਧਰ ਤਾਇਨਾਤ ਕੀਤਾ ਗਿਆ ਸੀ। ਪਰ ਦੇਸਰਾਜ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਹੁਕਮ ਨੂੰ ਚੁਣੌਤੀ ਦਿੱਤੀ, ਜਿਸ 'ਚ ਕਿਹਾ ਗਿਆ ਕਿਸ ਉਹ 30 ਜਨਵਰੀ ਨੂੰ ਰਿਟਾਇਰ ਹੋ ਰਹੇ ਹਨ, ਅਜਿਹੇ 'ਚ ਉਨ੍ਹਾਂ ਦਾ ਤਬਾਦਲਾ ਨਹੀਂ ਕੀਤਾ ਜਾ ਸਕਦਾ। 23 ਦਸੰਬਰ ਨੂੰ ਹੋਈ ਸੁਣਵਾਈ 'ਚ ਕੋਰਟ ਨੇ ਤਬਾਦਲੇ 'ਤੇ ਰੋਕ ਲਗਾ ਦਿੱਤੀ ਹੈ। ਪਰ ਮਾਮਲੇ ਦੀ ਅਗਲੀ ਸੁਣਵਾਈ ਨੂੰ 2 ਫਰਵਰੀ ਰੱਖਿਆ ਹੈ। ਜਾਹਿਰ ਹੈ ਤਬਾਦਲਾ ਹੁਕਮ ਦੇ ਫ਼ੈਸਲੇ ਆਉਣ ਤੋਂ ਪਹਿਲਾਂ ਦੇਸਰਾਜ ਰਿਟਾਇਰ ਹੋ ਜਾਣਗੇ। ਹਾਲਾਂਕਿ ਦੇਸਰਾਜ ਦੇ ਤਬਾਦਲੇ ਦੇ ਰੋਕ ਦੇ ਚੱਕਰ 'ਚ ਜਲੰਧਰ ਦੇ ਐਮਟੀਪੀ ਤੇਜਪ੍ਰੀਤ ਸਿੰਘ ਨੂੰ ਫਿਲਹਾਲ ਰਾਹਤ ਮਿਲ ਗਈ ਹੈ। ਜੋ ਤਬਾਦਲੇ ਦੇ 10 ਦਿਨ ਬਾਅਦ ਵੀ ਜਲੰਧਰ ਤੋਂ ਰਿਲੀਵ ਨਹੀਂ ਹੋਏ ਹਨ।