ਸ਼ਿਕਾਗੋ (ਰਾਇਟਰ) : ਅਮਰੀਕਾ ਦੇ ਸ਼ਿਕਾਗੋ ਵਿਚ ਪੁਲਸ ਗੋਲੀਬਾਰੀ ਵਿਚ ਪੰਜ ਬੱਚਿਆਂ ਦੀ ਮਾਂ ਸਹਿਤ 3 ਵਿਅਕਤੀ ਮਾਰੇ ਗਏ ਹਨ। ਪੁਲਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਦ ਉਹ ਇਕ ਘਰੇਲੂ ਝਗੜਾ ਹੱਲ ਕਰਵਾਉਣ ਲਈ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਗਰੀਫੀਲਡ ਪਾਰਕ ਲਾਗੇ ਗਈ ਤਾਂ ਹਾਦਸਨ ਗੋਲੀ ਚੱਲਣ ਕਾਰਨ 2 ਮੌਤਾਂ ਹੋਈਆਂ। ਮਗਰੋਂ ਇਕ ਹੋਰ ਜਗ੍ਹਾ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਕਿਹਾ ਕਿ ਜਦ ਸ਼ਨਿੱਚਰਵਾਰ ਨੂੰ ਉਹ ਝਗੜੇ ਵਾਲੀ ਥਾਂ ਪੁੱਜੀ ਤਾਂ ਉਸ ਨਾਲ ਲੋਕ ਖਹਿਬੜ ਪਏ ਜਿਸ ਕਾਰਨ ਅੌਰਤ ਸਹਿਤ 2 ਵਿਅਕਤੀ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਮਿ੍ਰਤਕਾਂ ਦੀ ਪਛਾਣ 2 ਅਫਰੀਕਨ ਅਮਰੀਕਨ 5 ਬੱਚਿਆਂ ਦੀ ਮਾਂ ਬੈਟੀ ਜੋਨਜ਼ ਅਤੇ 19 ਸਾਲਾ ਇੰਜੀਨੀਅਰਿੰਗ ਸਟੂਡੈਂਟ ਕੁਆਂਟੋਨੀਓ ਲੀਗ੍ਰੀਅਰ ਵਜੋਂ ਦੱਸੀ ਹੈ। ਬਾਅਦ ਵਿਚ ਬਿਆਨ ਵਿਚ ਸੋਧ ਕਰਦੇ ਹੋਏ ਪੁਲਸ ਨੇ ਦੱਸਿਆ ਕਿ 55 ਸਾਲਾ ਅੌਰਤ ਦੀ ਮੌਤ ਹਾਦਸਨ ਹੋਈ ਤੇ ਪੁਲਸ ਵਿਭਾਗ ਨੂੰ ਇਸ ਘਟਨਾ ਦਾ ਬੇਹੱਦ ਅਫਸੋਸ ਹੈ। ਮਿ੍ਰਤਕ ਲੀਗ੍ਰੀਅਰ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤੇ ਉਹ ਆਪਣੇ ਪਿਓ ਨੂੰ ਬੇਸਬੈਟ ਨਾਲ ਕੁੱਟ ਕੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਇਸ ਕਾਰਨ ਪੁਲਸ ਸੱਦੀ ਗਈ ਸੀ। ਪੁਲਸ ਮਹਿਕਮਾ ਗੋਲੀਬਾਰੀ ਦੀਆਂ ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ।
ਬੀਤੇ ਮਹੀਨੇ ਸ਼ਿਕਾਗੋ ਦੇ ਇਕ ਗੋਰੇ ਪੁਲਸ ਅਫਸਰ ਵੱਲੋਂ ਭੱਜ ਰਹੇ ਕਾਲੇ ਮੁੰਡੇ ਨੂੰ 16 ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਭੜਕੀ ਹਿੰਸਾ ਮਗਰੋਂ ਪਹਿਲੀ ਵਾਰ ਇਹ ਕਤਲ ਹੋਏ ਹਨ।