ਸੁਖਮਿੰਦਰ ਸਿੰਘ ਚੀਮਾ, ਵੈਨਕੂਵਰ : ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ 'ਚ ਦੋ ਗੋਰੇ ਨਸਲਵਾਦੀਆਂ ਵੱਲੋਂ ਇਕ ਹੋਰ ਸਿੱਖ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਬਜ਼ੁਰਗ ਸਿੱਖ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਨਸਲਵਾਦੀ ਹਮਲਾਵਰਾਂ ਗਿ੍ਰਫ਼ਤਾਰ ਕਰਨ ਲਈ ਪੁਲਸ ਦੇ ਨਾਲ ਨਾਲ ਐਫਬੀਆਈ ਵੀ ਜੁਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰਿਜ਼ਨੋ ਦਾ 68 ਸਾਲਾ ਅਮਰੀਕ ਸਿੰਘ ਬੱਲ ਹਾਈਵੇ 99 ਨੇੜੇ ਪੈਂਦੀ ਸ਼ੀਲਡ ਐਵੀਨਿਊ 'ਤੇ ਫਾਰਮ ਹਾਊਸ 'ਤੇ ਕੰਮ 'ਤੇ ਜਾਣ ਲਈ ਫਾਰਮਰ ਵੱਲੋਂ ਮੁਹਈਆ ਕਰਵਾਈ ਗੱਡੀ ਦੀ ਉਡੀਕ ਕਰ ਰਿਹਾ ਸੀ। ਸਵੇਰੇ ਸਾਢੇ ਕੁ ਛੇ ਵਜੇ ਧੁੰਦ ਅਤੇ ਠੰਢ ਹੋਣ ਕਾਰਨ ਉਹ ਉੱਥੇ ਇਕੱਲਾ ਹੀ ਖੜ੍ਹਾ ਸੀ। ਅਚਾਨਕ ਇਕ ਕਾਰ ਵਿਚ ਆਏ ਦੋ ਨਸਲਵਾਦੀ ਗੋਰਿਆਂ ਨੇ ਉਸ ਕੋਲ ਆਪਣੀ ਕਾਰ ਰੋਕ ਕੇ ਉਸ 'ਤੇ ਨਸਲੀ ਹਮਲਾ ਕਰਦਿਆਂ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਮੁਸਲਮਾਨ ਅੱਤਵਾਦੀ ਕਹਿ ਕੇ ਬੁਲਾਇਆ ਗਿਆ। ਸਥਿਤੀ ਨੂੰ ਭਾਂਪਦਿਆਂ ਜਦੋਂ ਬੱਲ ਨੇ ਨਸਲਵਾਦੀਆਂ ਤੋਂ ਪਾਸਾ ਵੱਟ ਕੇ ਉਨ੍ਹਾਂ ਦੀ ਕਾਰ ਦੇ ਪਿਛਲੇ ਪਾਸਿਓਂ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣੀ ਕਾਰ ਬੈਕ ਕਰ ਕੇ ਫੇਟ ਮਾਰ ਕੇ ਉਸ ਨੂੰ ਸੜਕ 'ਤੇ ਸੱੁਟ ਦਿੱਤਾ ਅਤੇ ਦੋਵਾਂ ਨੇ ਕਾਰ ਵਿਚੋਂ ਉੱਤਰ ਕੇ ਫਟੜ ਹੋਏ ਅਮਰੀਕ ਸਿੰਘ ਬੱਲ 'ਤੇ ਹਮਲਾ ਕਰ ਦਿੱਤਾ। ਉਸ ਦੀ ਬਾਂਹ ਤੋੜ ਦਿੱਤੀ ਗਈ ਤੇ ਘਸੁੰਨ ਮਾਰ ਕੇ ਉਸ ਦਾ ਨੱਕ ਭੰਨ ਦਿੱਤਾ ਗਿਆ। ਉਸ ਨੂੰ ਅਮਰੀਕਾ ਵਿਚੋਂ ਨਿਕਲ ਜਾਣ ਲਈ ਕਿਹਾ ਗਿਆ।
ਪੁਲਸ ਨੇ ਬੁਲਾਰੇ ਸਾਰਜੈਂਟ ਗਰੈਲ ਨੋਲ ਨੇ ਦੱਸਿਆ ਕਿ ਬੱਲ ਦੀ ਚੰਗੀ ਕਿਸਮਤ ਨੂੰ ਉੱਥੇ ਹੋਰ ਕਾਰ ਆ ਜਾਣ ਕਾਰਨ ਹਮਲਾਵਰ ਉਸ ਨੂੰ ਛੱਡ ਕੇ ਭੱਜ ਗਏ। ਪੁਲਸ ਅਨੁਸਾਰ ਅਮਰੀਕ ਸਿੰਘ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਉਸ ਦੀ ਬਾਂਹ ਟੁੱਟੀ ਹੋਣ ਦੀ ਪੁਸ਼ਟੀ ਕੀਤੀ ਹੈ। ਸਿੱਖ ਕੌਂਸਲ ਆਫ ਪੈਰਿਸ ਅਤੇ ਸੈਨ ਬਰਨਾਤੀਨੋ ਦੇ ਗੋਲੀ ਕਾਂਡ ਪਿੱਛੋਂ ਅਮਰੀਕੀ ਸਿੱਖ ਮੁਸਲਿਮ ਪਛਾਣ ਦੀ ਗ਼ਲਤ ਫਹਿਮੀ ਕਾਰਨ ਲਗਾਤਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਫਰਿਜ਼ਨੋ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਅਮਰੀਕ ਸਿੰਘ ਬੱਲ 'ਤੇ ਹੋਏ ਹਮਲੇ ਨੂੰ ਨਸਲੀ ਹਮਲਾ ਕਰਾਰ ਦਿੰਦਿਆਂ ਇਸ ਦੀ ਸੂਚਨਾ ਹੋਮਲੈਂਡ ਸਕਿਓਰਟੀ ਅਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਦਿੱਤੀ ਹੈ। ਐਫਬੀਆਈ ਨੂੰ ਵੀ ਇਸ ਹਮਲੇ ਦੀ ਜਾਂਚ ਵਿਚ ਸ਼ਾਮਲ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਇਕ ਵਿਸ਼ੇਸ਼ ਟੀਮ ਦਾ ਗਠਨ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਫਰਿਜ਼ੋਨੇ ਦੇ 82 ਸਾਲਾ ਸਿੱਖ ਪਿਆਰਾ ਸਿੰਘ ਨੂੰ ਨਸਲਵਾਦੀ ਨੇ ਗੁਰਦੁਆਰੇ ਦੇ ਸਾਹਮਣੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਬੀਤੇ ਸਤੰਬਰ ਮਹੀਨੇ ਫਰਿਜ਼ਨੋ ਦੀ ਅਦਾਲਤ ਨੇ ਨਸਲਵਾਦੀ ਹਮਲਾਵਰ ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬੀਤੀ ਛੇ ਦਸੰਬਰ ਵਾਲੇ ਦਿਨ ਫਰਿਜ਼ਨੋ ਦੇ ਛੇ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਦਸਤਾਰਾਂ ਕਾਰਨ ਸੈਨ ਡਿਆਗੋ ਦੇ ਫੁੱਟਬਾਲ ਸਟੇਡੀਅਮ ਵਿਚ ਸੁਰੱਖਿਆ ਅਧਿਕਾਰੀਆਂ ਨੇ ਬਾਹਰ ਕੱਢ ਦਿੱਤਾ ਸੀ ਕਿਉਂ ਕਿ ਸਟੇਡੀਅਮ ਦੇ ਗੋਰੇ ਦਰਸ਼ਕ ਉਨ੍ਹਾਂ ਨੂੰ ਮੁਸਲਮਾਨ ਸਮਝਦੇ ਸਨ।
ਅਮਰੀਕਾ 'ਚ ਸਿੱਖਾਂ ਦੇ ਹੋਏ ਹਮਲੇ
2015 'ਚ ਦਸੰਬਰ ਦੀ ਸ਼ੁਰੂਆਤ 'ਚ ਕੈਲੀਫੋਰਨੀਆ 'ਚ ਗੁਰਦੁਆਰੇ 'ਚ ਭੰਨਤੋੜ ਕੀਤੀ ਗਈ। ਸਤੰਬਰ 'ਚ ਇਕ ਸਿੱਖ ਨੂੰ ਸ਼ਿਕਾਗੋ 'ਚ ਬਿਨ ਲਾਦੇਨ ਦੱਸ ਕੇ ਉਸ 'ਤੇ ਹਮਲਾ ਕੀਤਾ ਗਿਆ। 2014 'ਚ ਨਿਊਯਾਰਕ ਸ਼ਹਿਰ 'ਚ ਸੰਦੀਪ ਸਿੰਘ ਨਾਂ ਦੇ ਸਿੱਖ ਨੂੰ ਅੱਤਵਾਦੀ ਦੱਸ ਕੇ ਕਾਰ ਨਾਲ ਕੁਚਲਿਆ ਤੇ 30 ਫੁੱਟ ਤਕ ਘਸੀਟਿਆ ਗਿਆ। 2013 ਦੇ ਮਈ ਮਹੀਨੇ 'ਚ ਦੱਖਣੀ ਫਰੈਜ਼ਨੋ 'ਚ ਗੁਰਦੁਆਰੇ ਬਾਹਰ 82 ਸਾਲਾ ਪਿਆਰਾ ਸਿੰਘ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। 2012 'ਚ ਵਿਸਕਾਸਿਨ ਦੇ ਓਕ ਕਰੀਕ 'ਚ ਨਿਓ-ਨਾਜ਼ੀ ਬੰਦੂਕਧਾਰੀਆਂ ਨੇ ਗੁਰਦੁਆਰੇ 'ਚ ਛੇ ਸਿੱਖਾਂ ਦੀ ਹੱਤਿਆ ਕਰ ਦਿੱਤੀ।