ਪੱਤਰ ਪ੍ਰੇਰਕ, ਮੱਲ੍ਹੀਆਂ ਕਲਾਂ : ਧਾਰਮਿਕ ਸਥਾਨਾਂ 'ਤੇ ਉੱਚੀ ਆਵਾਜ਼ ਵਿਚ ਚਲਦੇ ਲਾਊਡ ਸਪੀਕਰਾਂ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਕੁੱਝ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ-ਸ਼ਾਮ ਬੱਚਿਆਂ ਨੂੰ ਉੱਚੀ ਆਵਾਜ਼ 'ਚ ਚਲਦੇ ਲਾਊਡ ਸਪੀਕਰਾਂ ਕਾਰਨ ਪੜ੍ਹਾਈ 'ਚ ਇਕਾਗਰ ਹੋਣ ਲਈ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਜ਼ੁਰਗ ਤੇ ਬਿਮਾਰ ਲੋਕ ਵੀ ਇਹ ਮੁਸ਼ਕਲ ਝੱਲਣ ਨੂੰ ਮਜਬੂਰ ਹਨ। ਉਨ੍ਹਾਂ ਧਾਰਮਿਕ ਅਸਥਾਨਾਂ ਦਾ ਪੂਰਾ ਸਤਿਕਾਰ ਕਰਨ ਦੀ ਗੱਲ ਆਖਦਿਆਂ ਕਿਹਾ ਕਿ ਧਾਰਮਿਕ ਅਸਥਾਨਾਂ ਵਿਚ ਚਲਦੇ ਸਪੀਕਰਾਂ ਦੀ ਆਵਾਜ਼ ਅੰਦਰ ਹੀ ਰਹਿਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਇਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਜਦੋਂ ਸ਼ਾਮ ਨੂੰ ਕੰਮ ਤੋਂ ਘਰ ਪੁੱਜਾ ਤਾਂ ਉਸ ਦਾ ਪੁੱਤਰ ਸਿਰ 'ਤੇ ਹੈਲਮਟ ਪਾਈ ਪੜ੍ਹਾਈ ਕਰ ਰਿਹਾ ਸੀ। ਇਸ ਦਾ ਕਾਰਨ ਪੁੱਛੇ ਜਾਣ 'ਤੇ ਬੱਚੇ ਦੇ ਜਵਾਬ ਨੇ ਹੈਰਾਨ ਕਰ ਦਿੱਤਾ। ਬੱਚੇ ਨੇ ਕਿਹਾ ਕਿ ਲਾਊਡ ਸਪੀਕਰ ਦੀ ਆਵਾਜ਼ ਕਾਰਨ ਪੜ੍ਹਾਈ ਵਿਚ ਧਿਆਨ ਨਹੀਂ ਲੱਗ ਰਿਹਾ, ਇਸ ਲਈ ਪਰੇਸ਼ਾਨ ਹੋ ਕੇ ਹੈਲਮਟ ਪਾ ਕੇ ਪੜ੍ਹਾਈ ਕਰ ਰਿਹਾ ਹਾਂ। ਇਸ ਬੱਚੇ ਦੇ ਘਰ ਦੇ ਨਜ਼ਦੀਕ ਦੋ ਧਾਰਮਿਕ ਅਸਥਾਨ ਹਨ ਜਿਨ੍ਹਾਂ ਤੋਂ ਚਲਦੇ ਸਪੀਕਰਾਂ ਕਾਰਨ ਬੱਚਾ ਪਰੇਸ਼ਾਨ ਸੀ।
ਬੱਚਿਆਂ ਦੇ ਮਾਪਿਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਰੱਖੀ ਅਤੇ ਧਾਰਮਿਕ ਅਸਥਾਨਾਂ ਦੇ ਮੁੱਖੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਸਪੀਕਰਾਂ ਦੀ ਆਵਾਜ਼ ਨੂੰ ਸੀਮਤ ਰੱਖਿਆ ਜਾਵੇ।