ਜੇਐਨਐਨ, ਅੰਮਿ੍ਰਤਸਰ : ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਦੱਸਿਆ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਅਪ੍ਰੈਲ 2016 ਤਕ ਕਰਵਾ ਲਈ ਜਾਵੇਗੀ। ਜ਼ੈਦੀ ਨੇ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਨੂੰ ਕਿੰਨੀ ਰਕਮ ਖਰਚ ਕਰਨ ਦੀ ਪ੍ਰਵਾਨਗੀ ਹੋਵੇਗੀ, ਬਾਰੇ ਚੋਣਾਂ ਦੇ ਐਲਾਨ ਮਗਰੋਂ ਕਮਿਸ਼ਨ ਫ਼ੈਸਲਾ ਕਰੇਗਾ। ਲੰਘੇ ਪੰਜ ਵਰਿ੍ਹਆਂ ਤੋਂ ਵਧੀ ਮਹਿੰਗਾਈ ਦੇ ਮੱਦੇਨਜ਼ਰ ਇਹ ਰਕਮ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣ ਪ੍ਰੀਕਿਰਿਆ ਨੂੰ ਮੁਕਾਬਲਤਨ ਆਸਾਨ ਕੀਤਾ ਜਾ ਰਿਹਾ ਹੈ।
ਵੋਟਰਾਂ ਲਈ ਤੈਅ ਕੀਤਾ ਗਿਆ ਹੈ ਕਿ ਵੋਟਿੰਗ ਕੇਂਦਰ ਘਰ ਤੋਂ ਦੋ ਕਿਲੋਮੀਟਰ ਤੋਂ ਵੱਧ ਦੂਰ ਨਾ ਹੋਵੇ। ਐਨਆਰਆਈ ਵੋਟਰਾਂ ਦੀ ਵੋਟ ਇੱਕੋ ਥਾਂ ਬਣੇਗੀ ਪਰ ਸ਼ਰਤ ਇਹ ਹੈ ਕਿ ਰਹਿੰਦਿਆਂ ਛੇ ਮਹੀਨੇ ਹੋ ਗਏ ਹੋਣ। ਪੂਰੇ ਮੁਲਕ ਵਿਚ ਇਕੋ ਵੇਲੇ ਚੋਣਾਂ ਤੇ ਵੋਟਰ ਸੂਚੀ ਦੇ ਸੁਝਾਅ ਸਿਆਸੀ ਪਾਰਟੀਆਂ ਨੇ ਦਿੱਤੇ ਹਨ। ਜ਼ੈਦੀ ਨੇ ਦੱਸਿਆ ਕਿ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਦੀ ਵੋਟ ਕੱਟਣ ਤੋਂ ਪਹਿਲਾਂ ਸਬੰਧਤ ਚੋਣ ਅਫਸਰ ਉਸ ਨੂੰ ਨੋਟਿਸ ਭੇਜੇਗਾ।