ਜੇਐਨਐਨ, ਜਲੰਧਰ : ਸਿਵਲ ਹਸਪਤਾਲ 'ਚ ਨਵੇਂ ਵਰ੍ਹੇ ਮੌਕੇ ਮਰੀਜ਼ਾਂ ਨਾਲ ਚੰਗਾ ਵਤੀਰਾ ਤੇ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਹੁੰ ਲੈਣ ਦਾ ਅਸਰ ਮੁਲਾਜ਼ਮਾਂ 'ਤੇ 72 ਘੰਟੇ ਵੀ ਨਹੀਂ ਰਿਹਾ। ਐਤਵਾਰ ਦੁਪਹਿਰ ਸਿਵਲ ਹਸਪਤਾਲ ਦੇ ਜਣੇਪਾ ਵਾਰਡ 'ਚ ਗਰਭਵਤੀ ਅੌਰਤ ਦੇ ਗਰਭ 'ਚ ਬੱਚੇ ਦੀ ਮੌਤ ਦੇ ਬਾਅਦ ਹੰਗਾਮਾ ਹੋ ਗਿਆ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਗਰਭਵਤੀ ਅੌਰਤ ਰਾਤ ਭਰ ਪੀੜ ਨਾਲ ਕੁਰਲਾਉਂਦੀ ਰਹੀ ਤੇ ਸਟਾਫ ਨੇ ਕਿਹਾ ਤੁਹਾਡੀ ਧੀ ਪਖੰਡ ਕਰ ਰਹੀ ਹੈ। ਇਸ ਉਪਰੰਤ ਰਿਸ਼ਤੇਦਾਰਾਂ ਨੇ ਉਥੇ ਹੰਗਾਮਾ ਕਰ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
ਪਿੰਡ ਖੁਸਰੋਪੁਰ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਸ਼ਨਿਚਰਵਾਰ ਸਵੇਰੇ ਲਗਪਗ 10 ਵਜੇ ਪਤਨੀ ਸੁਨੀਤਾ (26) ਨੂੰ ਸਿਵਲ ਹਸਪਤਾਲ 'ਚ ਜਣੇਪੇ ਲਈ ਦਾਖ਼ਲ ਕਰਵਾਇਆ ਸੀ। ਸ਼ਨਿਚਰਵਾਰ ਪੂਰਾ ਦਿਨ ਡਾਕਟਰਾਂ ਨੇ ਉਸ ਦੇ ਟੈਸਟ ਕਰਵਾਏ। ਰਾਤ ਨੂੰ ਸੁਨੀਤਾ ਪੀੜ ਨਾਲ ਕੁਰਲਾਉਂਦੀ ਰਹੀ ਤੇ ਸਟਾਫ ਨੇ ਬਹੁਤ ਲਾਪਰਵਾਹੀ ਵਿਖਾਈ। ਉਨ੍ਹਾਂ ਦੋਸ਼ ਲਗਾਇਆ ਕਿ ਸਟਾਫ ਨੇ ਇਲਾਜ ਦੀ ਥਾਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਧੀ ਪਖੰਡ ਕਰ ਰਹੀ ਹੈ। ਐਤਵਾਰ ਸਵੇਰੇ ਉਨ੍ਹਾਂ ਸੁਨੀਤਾ ਦੀ ਜੋਸ਼ੀ ਹਸਪਤਾਲ ਤੋਂ ਸਕੈਨਿੰਗ ਕਰਵਾਈ ਤਾਂ ਗਰਭ 'ਚ ਪਲ ਰਹੇ ਬੱਚੇ ਦੀ ਮੌਤ ਦੀ ਪੁਸ਼ਟੀ ਹੋਈ। ਜਦਕਿ 2-3 ਦਿਨ ਪਹਿਲਾਂ ਕਰਵਾਈ ਸਕੈਨਿੰਗ 'ਚ ਬੱਚਾ ਠੀਕ ਸੀ।
ਰਮੇਸ਼ ਨੇ ਦੱਸਿਆ ਐਤਵਾਰ ਸੁਨੀਤਾ ਦਾ ਨਾਰਮਲ ਜਣੇਪਾ ਹੋਇਆ ਤੇ ਮਿ੍ਰਤ ਬੱਚੀ ਪੈਦਾ ਹੋਈ। ਉਸ ਦੀ ਪਤਨੀ ਠੀਕ ਹੈ। ਉਨ੍ਹਾਂ ਦਾ ਕਿ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇਕ ਵਾਰ ਪਹਿਲਾਂ ਗਰਭਪਾਤ ਹੋ ਚੁੱਕਾ ਹੈ। ਮੌਕੇ 'ਤੇ ਪੁੱਜੇ ਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
--------------
- ਗਰਭ 'ਚ ਪਾਣੀ ਘੱਟ ਸੀ : ਡਾ. ਕਪੂਰ
ਜਣੇਪਾ ਵਾਰਡ ਦੀ ਐਸਐਮਓ ਡਾਕਟਰ ਸੰਗੀਤਾ ਕਪੂਰ ਨੇ ਸੁਨੀਤਾ ਮਾਮਲੇ ਨੂੰ ਹਾਈ ਰਿਸਕ ਦੱਸਿਆ। ਸੁਨੀਤਾ ਦੀ 22 ਦਸੰਬਰ ਕਰਵਾਈ ਸਕੈਨਿੰਗ ਦੇ ਬਾਅਦ ਉਸ ਦੀ ਹਾਲਤ ਗੰਭੀਰ ਦੱਸੀ ਸੀ ਤੇ ਤੁਰੰਤ ਦਾਖ਼ਲ ਕਰਵਾ ਕੇ ਜਣੇਪਾ ਕਰਵਾਉਣ ਦੀ ਸਲਾਹ ਦਿੱਤੀ ਸੀ। ਰਿਪੋਰਟ 'ਚ ਬੱਚੇ ਦਾ ਵਿਕਾਸ ਆਮ ਦੇ ਮੁਕਾਬਲੇ 6 ਹਫ਼ਤੇ ਘੱਟ ਤੇ ਪਾਣੀ ਵੀ ਘੱਟ ਸੀ। ਮਰੀਜ਼ ਦੌਰੇ ਪੈਣ ਦੀ ਦਵਾਈ ਵੀ ਲੈ ਰਿਹਾ ਸੀ। ਐਤਵਾਰ ਜਦੋਂ ਜਣੇਪਾ ਹੋਇਆ ਤਾਂ ਜਨਮੀ ਬੱਚੀ ਨੇ ਗਰਭ 'ਚ ਪੋਟੀ ਕੀਤੀ ਹੋਈ ਸੀ। ਸਟਾਫ ਦੇ ਮਰੀਜ਼ ਪ੍ਰਤੀ ਰਵੱਈਏ ਦੀ ਜਾਂਚ ਕਰਵਾਈ ਜਾਵੇਗੀ।
-------------
- ਤਿੰਨ ਡਾਕਟਰ ਤੇ ਮਸ਼ੀਨਾਂ, ਫਿਰ ਵੀ ਸਕੈਨਿੰਗ ਬਾਹਰੋਂ
ਸਿਵਲ ਹਸਪਤਾਲ 'ਚ ਦੋ ਅਲਟਰਾ ਸਾਊਂਡ ਮਸ਼ੀਨਾਂ ਤੇ ਤਿੰਨ ਡਾਕਟਰ ਤਾਇਨਾਤ ਹਨ। ਇਸ ਦੇ ਬਾਵਜੂਦ ਸਟਾਫ ਛੁੱਟੀ ਵਾਲੇ ਦਿਨ ਮਰੀਜ਼ ਨੂੰ ਨਿੱਜੀ ਹਸਪਤਾਲ ਅਲਟਰਾ ਸਾਊਂਡ ਸਕੈਨਿੰਗ ਕਰਵਾਉਣ ਭੇਜ ਰਿਹਾ ਹੈ। ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਵੀਨਾ ਪਾਲ ਨੇ ਅਲਟਰਾ ਸਾਊਂਡ ਸਕੈਨਿੰਗ ਤੇ ਸਟਾਫ ਦੇ ਵਤੀਰੇ ਤੇ ਇਲਾਜ 'ਚ ਲਾਪਰਵਾਹੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰਵਾਉਣ ਦੀ ਗੱਲ ਕਹੀ ਹੈ।